ਪੰਨਾ:ਮਹਾਤਮਾ ਬੁੱਧ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਨੀ ਵੀ ਦਿਲ ਪਰਚਾਉਣ ਦੀ ਕੋਸ਼ਸ਼ ਕੀਤੀ ਜਾਂਦੀ ਉਨੀ ਹੀ ਉਹ ਉਦਾਸੀ ਅਖ਼ਤਿਆਰ ਕਰ ਲੈਂਦਾ। ਫਿਰ ਵੀ fਪਤਾ ਨੇ ਦਿਲ ਨਾ ਛਡਿਆ ਤੇ ਇਸ ਖ਼ਿਆਲ ਨਾਲ ਕਿ ਇਹ ਸਾਧੂ ਨ ਬਣੇ ਸਗੋਂ ਚਕਰਵਰਤੀ ਰਾਜਾ ਬਣੇ, ਆਪਣਾ ਕੰਮ ਬਾਕਾਇਦਾ ਜਾਰੀ ਰਖਿਆ। ਉਸ ਨੇ ਬੁਧ ਲਈ ਵਖੋ ਵਖਰੀਆਂ ਥਾਵਾਂ ਤੇ ਤਿੰਨ ਮਹਿਲ ਹੋਰ ਬਣਵਾਏ ਜਿਥੇ ਕਿ ਮੌਸਮ ਅਨੁਸਾਰ ਬੁਧ ਆਨੰਦ ਲੈ ਸਕੇ। ਬੁਧ ਦੀ ਉਮਰ ਇਸ ਵੇਲੇ ੧੮ ਵਰਿਆਂ ਦੀ ਹੋ ਗਈ ਸੀ।

ਪਿਤਾ ਨੇ ਵਜ਼ੀਰ ਨਾਲ ਸਲਾਹ ਕੀਤੀ, ਬੁਧ ਦਾ ਦਿਲ ਕਿਸ ਤਰਾਂ ਸੰਸਾਰ ਵਲ ਲਗਾਇਆ ਜਾਵੇ। ਫੈਸਲਾ ਹੋਇਆ, ਵਿਆਹ ਦੁਆਰਾ। ਵਿਆਹ ਕਿਸ ਸੁੰਦਰੀ ਨਾਲ ਕੀਤਾ ਜਾਏ? ਜਿਸ ਨੂੰ ਕੁਮਾਰ ਸਿਧਾਰਥ ਪਸੰਦ ਕਰੇ। ਇਸ ਵਾਸਤੇ ਇਕ ਤਜਵੀਜ਼ ਬਣਾਈ ਗਈ- ਅਸ਼ੋਕ ਉਤਸਵ ਮਨਾਇਆ ਜਾਵੇ। ਅਸ਼ੋਕ ਰੁਖ ਦੀ ਪੂਜਾ ਕੀਤੀ ਜਾਂਦੀ ਸੀ ਤੇ ਉਸ ਦੇ ਇਰਦ ਗਿਰਦ ਉਤਸਵ ਮਨਾਇਆ ਜਾਂਦਾ ਸੀ। ਐਲਾਨ ਹੋ ਗਿਆ ਤੇ ਉਤਸਵ ਮਨਾਇਆ ਜਾਣ ਲੱਗਾ। ਬੁੱਧ ਵੀ ਉਤਸਵ ਵਿਚ ਸ਼ਾਮਲ ਹੋਏ।

ਫੈ਼ਸਲਾ ਕੀਤਾ ਗਿਆ ਸੀ ਕਿ ਉਤਸਵ ਵਾਲੇ ਦਿਨ ਕੁਮਾਰ ਸਿਧਾਰਥ ਵਿਆਹ-ਯੋਗ ਯੁਵਤੀਆਂ ਨੂੰ ਇਨਾਮ ਵੀ ਆਪਣੇ ਹਥੀਂ ਵੰਡਣਗੇ। ਇਹ ਫੈਸਲਾ ਵੀ ਸਾਰੇ ਸ਼ਹਿਰ ਨੂੰ ਸੁਣਾ ਦਿਤਾ ਗਿਆ ਤੇ ਇਸ ਵਾਸਤੇ ਖ਼ਾਸ ਤੌਰ ਤੇ ਬੰਦੋਬਸਤ ਕੀਤਾ ਗਿਆ। ਇਕ ਡਾਢੇ ਸੋਹਣੇ ਤੇ ਸਜੇ ਹੋਏ ਸ਼ਾਮਿਆਨੇ ਹੇਠਾਂ ਇਕ ਨਿਹਾਇਤ ਸ਼ਾਨਦਾਰ ਸਿੰਘਾਸਨ ਤੇ ਬੁਧ ਬੈਠੇ ਤੇ ਉਨ੍ਹਾਂ ਦੇ ਕੋਲ ਅਨੇਕ ਵਡ-ਮੂਲੀਆਂ ਸੁਗਾਤਾਂ ਰਖ ਦਿਤੀਆਂ ਗਈਆਂ।

੨੪.