ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/83

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਵਿਸਰ ਰਹੇ ਸ਼ੌਕ

ਪੰਜਾਬ ਦੇ ਲੋਕ ਜੀਵਨ ਉੱਤੇ ਅਜੋਕੀ ਮਸ਼ੀਨੀ ਸੱਭਿਅਤਾ ਦਾ ਬਹੁਤ ਵੱਡਾ ਪ੍ਰਭਾਵ ਪਿਆ ਹੈ ਜਿਸ ਦੇ ਫਲਸਰੂਪ ਪੰਜਾਬ ਦਾ ਲੋਕ ਜੀਵਨ ਬਹੁਤ ਬਦਲ ਗਿਆ ਹੈ। ਸਾਡੀ ਰਹਿਣੀ ਬਹਿਣੀ, ਖਾਣ ਪੀਣ ਅਤੇ ਮਨੋਰੰਜਨ ਦੇ ਸਾਧਨਾਂ ਵਿੱਚ ਢੇਰ ਸਾਰੇ ਪਰਿਵਰਤਨ ਹੋਏ ਹਨ। ਪੁਰਾਣੇ ਚੇਟਕ ਅਤੇ ਸ਼ੌਕ ਜੋ ਪੰਜਾਬੀਆਂ ਦੇ ਜੀਵਨ ਵਿੱਚ ਨਿਤ ਨਵਾਂ ਰੰਗ ਭਰਦੇ ਸਨ, ਕਿਧਰੇ ਖੰਭ ਲਾ ਕੇ ਉਡ ਗਏ ਹਨ। ਅੱਜ ਕਿਧਰੇ ਵੀ ਤੁਹਾਨੂੰ ਪੁਰਾਣਾ ਪੰਜਾਬ ਨਜ਼ਰੀਂ ਨਹੀਂ ਆ ਰਿਹਾ।

ਤੁਸੀਂ ਕਿਸੇ ਵੀ ਪੇਂਡੂ ਬਜ਼ੁਰਗ ਨਾਲ਼ ਉਸ ਦੀ ਜਵਾਨੀ ਦੇ ਸਮਿਆਂ ਦੀ ਗਲ ਤੋਰੋ ਸਮਝੋ ਤੁਸੀਂ ਉਸ ਦੀ ਦੁਖਦੀ ਰਗ ਉੱਤੇ ਉਂਗਲ ਧਰ ਦਿੱਤੀ ਹੈ। ਉਹ ਹਉਕਾ ਭਰਦਾ ਹੋਇਆ ਆਪਣੀ ਜਵਾਨੀ ਦੀ ਗਲ ਛੇੜ ਲਵੇਗਾ। ਉਹ ਆਪਣੇ ਪਿੰਡ ਦੇ ਕਬੂਤਰ ਬਾਜ਼ਾਂ, ਬਟੇਰ ਬਾਜ਼ਾਂ ਅਤੇ ਕੁੱਤਿਆਂ ਤੇ ਸ਼ਿਕਾਰੀਆਂ ਦੇ ਕਿੱਸੇ ਬੜੀਆਂ ਲਟਕਾਂ ਨਾਲ਼ ਸੁਣਾਏਗਾ। ਕਬੂਤਰ ਬਾਜ਼ਾਂ ਦੇ ਸ਼ੌਕ ਬੜੇ ਨਿਆਰੇ ਸਨ। ਉਹਨਾਂ ਨੇ ਆਪਣਾ ਸਭ ਕੁਝ ਕਬੂਤਰਾਂ ਦੇ ਲੇਖੇ ਲਾ ਦੇਣਾ। ਦੂਰੋਂ-ਦੂਰੋਂ ਆਏ ਕਬੂਤਰ ਬਾਜ਼ਾਂ ਨੇ ਆਪਣੇ ਚੀਨੇ ਕਬੂਤਰ ਉਡਾਉਣੇ, ਸ਼ਰਤਾਂ ਲੱਗਣੀਆਂ। ਕੁੱਕੜਾਂ ਤੇ ਬਟੇਰਿਆਂ ਨੂੰ ਗਿਰੀਆਂ ਛੁਹਾਰੇ ਚਾਰਨੇ। ਕੁੱਕੜਾਂ ਦੀਆਂ ਲੜਾਈਆਂ ਕਰਵਾਉਣੀਆਂ। ਸ਼ੌਕ ਦੀ ਹੱਦ ਵੇਖੋ ਅਗਲੇ ਬੈਂਡ ਬਾਜੇ ਨਾਲ਼ ਆਪਣੇ-ਆਪਣੇ ਕੁੱਕੜ ਨੂੰ ਅਖਾੜੇ ਵਿੱਚ ਲੈ ਕੇ ਜਾਂਦੇ ਸਨ। ਕਈ-ਕਈ ਘੰਟੇ ਕੁੱਕੜਾਂ ਨੇ ਲੜਨਾ ਤੇ ਲਹੂ ਲੁਹਾਣ ਹੋ ਜਾਣਾ। ਬਟੇਰ ਬਾਜ਼ ਵੀ ਆਪਣੇ ਬਟੇਰਿਆਂ ਦੇ ਜ਼ੌਹਰ ਇਸੇ ਪ੍ਰਕਾਰ ਵਖਾਉਂਦੇ ਸਨ। ਸੈਂਕੜਿਆਂ ਦੀ ਗਿਣਤੀ ਵਿੱਚ ਪੇਂਡੂ ਦਰਸ਼ਕ ਕੁੱਕੜਾਂ ਅਤੇ ਬਟੇਰਿਆਂ ਦੀ ਲੜਾਈ ਦਾ ਆਨੰਦ ਮਾਣਦੇ ਰਹਿੰਦੇ ਸਨ। ਕਈਆਂ ਨੂੰ ਭੇਡੂ ਪਾਲਣ ਦਾ ਸ਼ੌਕ ਸੀ। ਉਹ ਆਪਣੇ ਭੇਡੂਆਂ ਨੂੰ ਸ਼ਿੰਗਾਰ ਕੇ ਅਖਾੜੇ ਵਿੱਚ ਲੈ ਕੇ ਜਾਂਦੇ ਸਨ। ਭੇਡੂਆਂ ਨੇ ਟੱਕਰਾਂ ਮਾਰ-ਮਾਰ ਲਹੂ ਲੁਹਾਣ ਹੋ ਜਾਣਾ, ਉਦੋਂ ਤੱਕ ਲੜੀ ਜਾਣਾ ਜਦੋਂ ਤੱਕ ਦੂਜੇ ਭੇਡੂ ਨੇ ਮੈਦਾਨ ਛੱਡਕੇ ਨੱਸ ਨਾ ਜਾਣਾ। ਕਈ ਕਈ ਘੰਟੇ ਭੇਡੂਆਂ ਦੇ ਭੇੜ ਹੋਈ ਜਾਣੇ। ਪੱਛਮੀ ਪੰਜਾਬ ਵਿੱਚ ਕੁੱਤਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਂਦੀਆਂ ਸਨ। ਬੁਲੀ ਕੁੱਤੇ (ਬੁਲਡਾਗ) ਇਸ ਕੰਮ ਲਈ ਪਾਲ਼ੇ ਜਾਂਦੇ ਸਨ। ਇਹਨਾਂ ਸ਼ੌਕਾਂ ਪਿੱਛੇ ਬਟੇਰ ਬਾਜ਼ਾਂ, ਕਬੂਤਰ ਬਾਜ਼ਾਂ ਅਤੇ ਕੁੱਤਿਆਂ ਦੇ ਸ਼ਿਕਾਰੀਆਂ ਨੇ ਆਪਣੇ ਕਾਰੋਬਾਰ ਤਬਾਹ ਕਰ ਲੈਣੇ। ਸ਼ਰਤਾਂ ਵਿੱਚ ਹਾਰ ਹਾਰ ਆਪਣੀਆਂ ਜ਼ਮੀਨਾਂ ਗਹਿਣੇ ਧਰ ਦੇਣੀਆਂ। ਇਹ ਸ਼ੌਕ ਤਾਂ ਹੁਣ ਵਿਸਰ ਹੀ ਗਏ ਹਨ। ਹੁਣ ਨਾ ਕਿਧਰੇ ਕਬੂਤਰਾਂ ਦੀਆਂ ਛੱਤਰੀਆਂ ਨਜ਼ਰ ਆਉਂਦੀਆਂ ਹਨ ਅਤੇ ਨਾ ਹੀ ਕੁੱਕੜਾਂ ਅਤੇ ਬਟੇਰਿਆਂ ਦੇ ਦੰਗਲ ਲੱਗਦੇ ਹਨ। ਨਾਲ਼ੇ ਲੋਕਾਂ ਕੋਲ਼ ਐਨਾ ਵਿਹਲ ਕਿੱਥੇ ਹੈ ਕਿ ਉਹ ਕਈ-ਕਈ ਘੰਟੇ ਇਹਨਾਂ

81/ਮਹਿਕ ਪੰਜਾਬ ਦੀ