ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/155

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਚੁਟਕੀ ਮਾਰਾਂ ਰਾਖ ਦੀ
ਤੈਨੂੰ ਖੋਤਾ ਲਵਾਂ ਬਣਾ
ਨੌਂ ਮਣ ਛੋਲੇ ਲਦ ਕੇ
ਤੈਨੂੰ ਪਾਵਾਂ ਸ਼ਹਿਰ ਦੇ ਰਾਹ

ਜੇਕਰ ਕੋਈ ਬਰਾਤੀ ਬਨੇਰੇ 'ਤੇ ਬੈਠੀਆਂ ਮੁਟਿਆਰਾਂ ਵਲ ਤੱਕ ਕੇ
ਆਪਣੀਆਂ ਅੱਖੀਆਂ ਤੱਤੀਆਂ ਕਰਨ ਦੀ ਗੁਸਤਾਖੀ ਕਰਦਾ ਹੈ ਤਾਂ ਅੱਗੋਂ ਝੱਟ
ਚੇਤਾਵਨੀ ਮਿਲ ਜਾਂਦੀ ਹੈ:

ਨੀਲੇ ਸਾਫ਼ੇ ਵਾਲਿਆ
ਤੇਰੇ ਸਾਫ਼ੇ ਤੇ ਬੈਠਾ ਮੋਰ
ਜੇ ਤੂੰ ਮੇਰੇ ਵਲ ਦੇਖੇਂ
ਤੇਰੀ ਅੱਖ 'ਚ ਦੇ ਦੂੰ ਤੋੜ

ਛੰਨਾ ਭਰਿਆ ਕਣਕ ਦਾ
ਵਿਚੋਂ ਚੁਗਦੀ ਆਂ ਰੋੜ
ਕੁੜੀਆਂ ਵੰਨੀਂ ਝਾਕਦਿਓ
ਥੋਡੇ ਅੱਖੀਂ ਦੇਵਾਂ ਤੋੜ
ਫੇਰੇ ਅਥਵਾ ਆਨੰਦ ਕਾਰਜ ਹੋਣ ਉਪਰੰਤ ਲਾੜਾ ਆਪਣੇ ਸਹੁਰਿਆਂ ਦੇ
ਘਰ ਜਾਂਦਾ ਹੈ। ਓਥੇ ਸਾਲੀਆਂ ਉਹਦੇ ਆ ਦੁਆਲੇ ਹੁੰਦੀਆਂ ਹਨ- ਖੂਬ ਹਾਸਾ
ਮਖੌਲ ਉਪਜਦਾ ਹੈ:

ਮੇਰੀ ਵੀ ਖੋਗੀ ਜੀਜਾ ਆਰਸੀ
ਤੇਰੀ ਖੋਗੀ ਮਾਂ
ਆਪਾਂ ਦੋਨੋਂ ਟੋਲ਼ੀਏ
ਤੂੰ ਕਰ ਛੱਤਰੀ ਦੀ ਛਾਂ
ਹੋਰ:
ਤੇਰੇ ਮੂੰਹ 'ਤੇ ਨਿਕਲੀ ਸੀਤਲਾ
ਤੇਰੀ ਮਾਂ ਨੇ ਰੱਖੀ ਨਹੀਂ ਰੱਖ
ਤੇਰੇ ਨੈਣੀ ਚਿੱਟਾ ਪੈ ਗਿਆ
ਤੇਰੀ ਕਾਣੀ ਹੋ ਗਈ ਅੱਖ

ਮਹਿੰਦੀ ਸ਼ਗਨਾਂ ਦੀ/159