ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤੇਰੇ ਨੀ ਮੂਹਰੇ ਹੱਥ ਬਨ੍ਹਦਾ
ਦੀਵਾਨ ਵਿਚ ਬੈਠੇ ਸਿੰਘ ਸਭੀਏ ਭਰਾ ਦੀ ਵਾਸ਼ਨਾ ਉਸ ਨੂੰ ਫੁੱਲਾਂ ਸਮਾਨ ਜਾਪਦੀ ਹੈ:
ਆਉਂਦੀ ਕੁੜੀਏ ਜਾਂਦੀਏ ਕੁੜੀਏ
ਵਿਚ ਨਾ ਹੁੱਕੇ ਵਾਲਾ ਆਵੇ
ਸਭਾ ਦੇ ਵਿਚ ਰੰਗ ਵੀਰ ਦਾ
ਸਾਨੂੰ ਵਾਸ਼ਨਾ ਫੁੱਲਾਂ ਦੀ ਆਵੇ
ਸਭਾ ਦੇ ਵਿਚ ਰੰਗ ਵੀਰ ਦਾ
ਹੋਰ
ਆਉਂਦੀ ਕੁੜੀਏ ਜਾਂਦੀਏ ਕੁੜੀਏ
ਗੜਵਾ ਗੜਵਾ ਗੜਵੇ ਪਰ ਦੋਹਣਾ
ਵੀਰ ਦੇ ਰਮਾਲ ਕੁੜਤਾ
ਬੈਠਾ ਲਗਦਾ ਸਭਾ ਦੇ ਵਿਚ ਸੋਹਣਾ
ਆਜ਼ਾਦੀ ਲਹਿਰ ਬਾਰੇ ਵੀ ਪੰਜਾਬ ਦੀ ਮੁਟਿਆਰ ਚੇਤੰਨ ਹੈ:
ਆਉਂਦੀ ਕੁੜੀਏ ਜਾਂਦੀਏ ਕੁੜੀਏ
ਸਿਰ 'ਤੇ ਟੋਕਰਾ ਨਰੰਗੀਆਂ ਦਾ
ਕਿੱਥੇ ਰੱਖਾਂ ਵੇ ਕਿੱਥੇ ਰੱਖਾਂ ਵੇ
ਰਾਜੇ ਫਰੰਗੀਆਂ ਦਾ
ਉਹ ਫਰੰਗੀਆਂ ਦੇ ਰਾਜ ਨੂੰ ਜਲਦੀ ਤੋਂ ਜਲਦੀ ਸਮਾਪਤ ਕਰਨਾ ਲੋਚਦੀ ਹੈ:
ਆਉਂਦੀ ਕੁੜੀਏ ਜਾਂਦੀਏ ਕੁੜੀਏ
ਸਿਰ ਉਤੇ ਟੋਕਰਾ ਨਰੰਗੀਆਂ ਦਾ
ਕਦੋਂ ਜਾਵੇਗਾ ਕਦੋਂ ਜਾਵੇਗਾ ਨੀ
ਇਹ ਰਾਜ ਫਰੰਗੀਆਂ ਦਾ
ਮਹਿੰਦੀ ਸਗਨਾਂ ਦੀ/201