ਪੰਨਾ:ਮਾਓ ਜ਼ੇ-ਤੁੰਗ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੱਲੋਂ ਹੂਨਾਨ ਵਿੱਚ ਖੜ੍ਹੇ ਕੀਤੇ ਹਥਿਆਰਬੰਦ ਲੜਾਕਿਆਂ ਨਾਲ ਜਾ ਮਿਲਿਆ। ਇਸ ਨਵੇਂ ਦੌਰ ਵਿੱਚ ਚੈੱਨ ਤੂ-ਸੀਓ ਦੀ ਅਗਵਾਈ ਪ੍ਰਸੰਗਿਕ ਨਾ ਰਹੀ ਅਤੇ ਉਸਨੂੰ ਪਾਰਟੀ ਦੀ ਸਕੱਤਰੀ ਤੋਂ ਲਾਹ ਦਿੱਤਾ ਗਿਆ। ਕੌਮਿਨਟਰਨ ਦੇ ਨੁਮਾਇੰਦੇ ਵੀ ਚੀਨ ਛੱਡ ਕੇ ਚਲੇ ਗਏ। ਇਸ ਦੌਰ ਵਿੱਚ ਪੇਂਡੂ ਖੇਤਰਾਂ ਵਿੱਚ ਹਥਿਆਰਬੰਦ ਸੰਘਰਸ਼ ਨਾਲ ਜਾਗੀਰਦਾਰਾਂ ਨੂੰ ਭਜਾਉਣ ਵਾਲੀ ਮਾਓ ਦੀ ਲੀਹ ’ਤੇ ਚਲਦਿਆਂ ਦੱਖਣੀ ਚੀਨ ਦੇ ਕਈ ਹਿੱਸਿਆਂ ਵਿੱਚ ਹਥਿਆਰਬੰਦ ਦਸਤੇ ਕਾਇਮ ਹੋ ਗਏ। ਮਾਓ ਇਨ੍ਹਾਂ ਵਿਦਰੋਹੀ ਦਸਤਿਆਂ ਵਿੱਚ ਤਾਲਮੇਲ ਬਣਾ ਕੇ ਜਥੇਬੰਦ ਕਰਨ ਲਈ ਕੰਮ ਕਰ ਰਿਹਾ ਸੀ। ਪਰ ਮਾਓ ਇਹ ਸਭ ਕੁਝ ਪਾਰਟੀ ਦੀ ਕੇਂਦਰੀ ਲੀਡਰਸ਼ਿੱਪ ਤੋਂ ਆਜ਼ਾਦ ਹੋ ਕੇ ਹੀ ਕਰ ਰਿਹਾ ਸੀ। ਇਸ ਦੌਰਾਨ ਜਾਗੀਰਦਾਰਾਂ ਵੱਲੋਂ ਕਾਇਮ ਕੀਤੇ ਹਥਿਆਰਬੰਦ ਦਸਤਿਆਂ ਨੇ ਇੱਕ ਦਿਨ ਮਾਓ ਨੂੰ ਫੜ ਲਿਆ ਅਤੇ ਉਸ ਨੂੰ ਆਪਣੇ ਹੈੱਡਕੁਆਰਟਰ ਲਿਜਾਣ ਲੱਗੇ। ਸੁਭਾਵਿਕ ਹੀ ਸੀ ਕਿ ਉਸ ਨੂੰ ਉਥੇ ਗੋਲੀ ਮਾਰ ਦਿੱਤੀ ਜਾਂਦੀ ਪਰ ਜਦ ਹੈੱਡਕੁਆਰਟਰ ਥੋੜ੍ਹੀ ਦੂਰ ਰਹਿ ਗਿਆ ਤਾਂ ਮਾਓ ਮੌਕਾ ਵੇਖ ਕੇ ਦੌੜ ਗਿਆ ਅਤੇ ਉੱਚੇ ਘਾਹ ਵਿੱਚ ਲੁਕ ਗਿਆ। ਉਨ੍ਹਾਂ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਉਹ ਮਾਓ ਦੇ ਬਹੁਤ ਨੇੜਿਉਂ ਲੰਘਦੇ ਰਹੇ ਪਰ ਕੁਦਰਤੀ ਹੀ ਮਾਓ ਉਨ੍ਹਾਂ ਦੀ ਨਿਗ੍ਹਾ ਨਾ ਪਿਆ ਅਤੇ ਜਦ ਰਾਤ ਪੈ ਗਈ ਤਾਂ ਉਹ ਲੱਭਣ ਦਾ ਖਹਿੜਾ ਛੱਡ ਕੇ ਚਲੇ ਗਏ। ਮਾਓ ਸਾਰੀ ਰਾਤ ਨੰਗੇ ਪੈਰੀਂ ਚਲਦਾ ਰਿਹਾ ਅਤੇ ਪਹਾੜਾਂ ਤੋਂ ਪਾਰ ਸੁਰੱਖਿਅਤ ਜਗ੍ਹਾ ’ਤੇ ਪਹੁੰਚ ਗਿਆ। ਇਹ ਕਿਸਾਨੀ ਦੀ ਹਥਿਆਰਬੰਦ ਗੁਰੀਲਾ ਲੜਾਈ ਦਾ ਮੁਢਲਾ ਪੜਾਅ ਸੀ ਜਿਸ ਵਿੱਚ ਕਾਫੀ ਨੁਕਸਾਨ ਵੀ ਹੋ ਰਿਹਾ ਸੀ। ਪਾਰਟੀ ਨੇ ਇਸ ਲਈ ਮਾਓ ਦੇ ਖਿਲਾਫ਼ ਤਿੰਨ ਵਾਰ ਨਿੰਦਾ ਪ੍ਰਸਤਾਵ ਪਾਸ ਕੀਤਾ ਅਤੇ ਉਸ ਨੂੰ ਪਾਰਟੀ ਦੀ ਪੋਲਿਟ ਬਿਓਰੋ ਵਿਚੋਂ ਕੱਢ ਦਿੱਤਾ ਗਿਆ। ਪਰ ਮਾਓ ਕਿਸਾਨੀ ਦੀ ਹਥਿਆਰਬੰਦ ਜੰਗ ਵਾਲੀ ਲੀਹ ’ਤੇ ਅੜ੍ਹਿਆ ਰਿਹਾ ਅਤੇ 1928 ਦੀ ਪਤਝੜ੍ਹ ਵਿੱਚ ਉਸ ਨੇ ਚਿੰਗਕਾਂਗਸ਼ਾਨ ਦੀਆਂ ਪਹਾੜੀਆਂ ਵਿੱਚ ਇਨਕਲਾਬੀ ਫੌਜਾਂ ਦਾ ਅੱਡਾ ਜਮਾ ਲਿਆ। ਇਥੇ ਹੋਰ ਪਾਸਿਆਂ ਤੋਂ ਵੀ ਇਨਕਲਾਬੀ ਦਸਤੇ ਪਹੁੰਚਦੇ ਗਏ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਹੂਨਾਨ ਦੇ ਬਾਰਡਰ ਉੱਤੇ ਪਹਿਲੀ ਲੋਕ ਸੱਤਾ ਕਾਇਮ ਕਰ ਦਿੱਤੀ। ਚੀਨ ਦੇ ਹੋਰ ਹਿੱਸਿਆਂ ਵਿੱਚ ਵੀ ਇਸੇ ਲੀਹ ਉੱਤੇ ਕਿਸਾਨ ਬਗਾਵਤਾਂ ਉੱਠੀਆਂ, ਗੁਰੀਲਾ ਦਸਤੇ ਬਣੇ, ਕੁਝ ਥਾਵਾਂ ਉੱਤੇ ਆਜਾਦ ਸੱਤਾ ਵੀ ਸਥਾਪਿਤ ਹੋਈ, ਕਿਤੇ ਥੋੜੇ ਅਤੇ ਕਿਤੇ ਲੰਮੇ ਸਮੇਂ ਲਈ, ਜਿੱਥੇ ਬਗਾਵਤ ਕੁਚਲੀ ਵੀ ਜਾਂਦੀ ਉਥੋਂ ਵੀ ਬਹੁਤ ਸਾਰੇ ਗੁਰੀਲੇ ਲਾਲ ਫੌਜ ਵਿੱਚ ਆ ਕੇ ਰਲ ਜਾਂਦੇ। ਮਾਓ ਜ਼ੇ-ਤੁੰਗ /50