ਪੰਨਾ:ਮਾਓ ਜ਼ੇ-ਤੁੰਗ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਕਤੂਬਰ 1928 ਵਿੱਚ ਮਾਓ ਨੇ ਇੱਕ ਲਿਖਤ ‘ਚੀਨ ਵਿੱਚ ਲਾਲ ਸੱਤਾ ਕਿਉਂ ਕਾਇਮ ਰਹਿ ਸਕਦੀ ਹੈ ਰਾਹੀਂ ਆਪਣੀ ਯੁੱਧ ਨੀਤੀ ਦੀ ਵਾਜਬੀਅਤ ਸਪਸ਼ਟ ਕੀਤੀ। ਇਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਕੁਝ ਛੋਟੇ ਛੋਟੇ ਇਲਾਕਿਆਂ ਵਿੱਚ ਲਾਲ ਸੱਤਾ ਦਾ ਕਾਇਮ ਰਹਿਣਾ ਇੱਕ ਅਜਿਹਾ ਵਰਤਾਰਾ ਹੈ ਜੋ ਦੁਨੀਆ ਦੇ ਹੋਰ ਕਿਸੇ ਹਿੱਸੇ ਵਿੱਚ ਕਦੇ ਨਹੀਂ ਵਾਪਰਿਆ। ਇਹ ਵਰਤਾਰਾ ਕੁਝ ਖਾਸ ਹਾਲਤਾਂ ਵਿੱਚ ਹੀ ਵਾਪਰ ਸਕਦਾ ਹੈ। ਫਿਰ ਇਨ੍ਹਾਂ ਖਾਸ ਹਾਲਤਾਂ ਦਾ ਜ਼ਿਕਰ ਕਰਦੇ ਹੋਏ ਲਿਖਿਆ ਪਹਿਲੀ ਗੱਲ ਇਹ ਕਿਸੇ ਸਾਮਰਾਜੀ ਦੇਸ਼ ਜਾਂ ਸਾਮਰਾਜ ਦੀ ਸਿੱਧੀ ਹਕੂਮਤ ਅਧੀਨ ਬਸਤੀ ਵਿੱਚ ਨਹੀਂ ਹੋ ਸਕਦਾ ਸੀ। ਇਹ ਚੀਨ ਵਿੱਚ ਇਸ ਲਈ ਸੰਭਵ ਹੋ ਰਿਹਾ ਹੈ ਕਿ ਚੀਨ ਆਰਥਿਕ ਤੌਰ 'ਤੇ ਬਹੁਤ ਪਛੜਿਆ ਅਤੇ ਸਾਮਰਾਜ ਦੇ ਅਸਿੱਧੇ ਦਖਲ ਵਾਲਾ ਅਰਧ ਬਸਤੀਵਾਦੀ ਦੇਸ਼ ਹੈ। ਇਸ ਨਾਲ ਇੱਕ ਹੋਰ ਵਿਸ਼ੇਸ਼ ਘਟਨਾ ਇਹ ਜੁੜ ਜਾਂਦੀ ਹੈ ਕਿ ਇਥੇ ਵੱਖ ਵੱਖ ਇਲਾਕਿਆਂ ਨੂੰ ਕੰਟਰੋਲ ਕਰਨ ਵਾਲੇ ਜੰਗੀ ਸਰਦਾਰਾਂ ਵਿਚਕਾਰ ਲਗਾਤਾਰ ਜੰਗਾਂ ਚੱਲ ਰਹੀਆਂ ਹਨ। ਇਹ ਸਥਿਤੀ ਹੋਰ ਦੇਸ਼ਾਂ ਵਿੱਚ ਨਹੀਂ ਹੈ। ਦੂਸਰਾ ਲਾਲ ਸੱਤਾ ਉਨ੍ਹਾਂ ਇਲਾਕਿਆਂ ਵਿੱਚ ਹੀ ਵਧੇਰੇ ਸਫਲ ਹੋਈ ਹੈ ਜਿੱਥੇ ਜਮਹੂਰੀ ਇਨਕਲਾਬ ਦੌਰਾਨ ਲੋਕ ਵੱਡੀ ਗਿਣਤੀ ਵਿੱਚ ਸਰਗਰਮ ਹੋਏ ਅਤੇ ਉਹ ਟ੍ਰੇਡਯੂਨੀਅਨਾਂ ਅਤੇ ਹੋਰ ਜਥੇਬੰਦੀਆਂ ਵਿੱਚ ਜਥੇਬੰਦ ਹੋਏ। ਲਾਲ ਫੌਜ ਦੇ ਵੱਡੇ ਹਿੱਸੇ ਵੀ ਕੌਮਿਨਤਾਂਗ ਦੀ ਦੀ ਕੌਮੀ ਇਨਕਲਾਬੀ ਫੌਜ ਨਾਲੋਂ ਹੀ ਟੁੱਟ ਕੇ ਆਏ ਹਨ ਜਿੱਥੇ ਉਨ੍ਹਾਂ ਦੀ ਜਮਹੂਰੀ ਅਤੇ ਸਿਆਸੀ ਟ੍ਰੇਨਿੰਗ ਹੋਈ ਸੀ। ਅਜਿਹੇ ਲਾਲ ਫੌਜੀ ਜੰਗੀ ਸਰਦਾਰਾਂ ਦੀਆਂ ਫੌਜਾਂ ਵਿਚੋਂ ਪੈਦਾ ਨਹੀਂ ਹੋ ਸਕਦੇ ਸਨ। ਤੀਸਰਾ ਦੇਸ਼ ਵਿੱਚ ਇਨਕਲਾਬੀ ਹਾਲਤਾਂ ਲਗਾਤਾਰ ਪੱਕ ਰਹੀਆਂ ਹਨ। ਜੇ ਇਉਂ ਨਾ ਹੋਵੇ ਅਤੇ ਦੇਸ਼ ਪੱਧਰੀ ਇਨਕਲਾਬੀ ਹਾਲਤ ਲੰਮੀ ਖੜੋਤ ਵਿੱਚ ਆ ਜਾਵੇ, ਤਦ ਵੀ ਲਾਲ ਇਲਾਕੇ ਬਹੁਤਾ ਸਮਾਂ ਕਾਇਮ ਨਹੀਂ ਰਹਿ ਸਕਣਗੇ। ਇਸ ਤਰ੍ਹਾਂ ਦੀਆਂ ਹੋਰ ਦਲੀਲਾਂ ਦੇ ਕੇ ਮਾਓ ਨੇ ਚੀਨ ਦੀਆਂ ਵਿਸ਼ੇਸ਼ ਹਾਲਤਾਂ ਦਾ ਜ਼ਿਕਰ ਕਰਦਿਆਂ ਸਪਸ਼ਟ ਕੀਤਾ ਕਿ ਚੀਨ ਵਿੱਚ ਪੇਂਡੂ ਖੇਤਰ ਵਿੱਚ ਆਧਾਰ ਇਲਾਕੇ ਕਾਇਮ ਕਰ ਕੇ ਲਮਕਵੇਂ ਲੋਕ-ਯੁੱਧ ਰਾਹੀਂ ਹੀ ਇਨਕਲਾਬ ਵੱਲ ਵਧਿਆ ਜਾ ਸਕਦਾ ਹੈ। ਚਿੰਗਕਾਂਗਸ਼ਾਨ, ਜਿੱਥੇ ਮਾਓ ਨੇ ਲਾਲ ਫੌਜ ਨਾਲ ਅੱਡਾ ਜਮਾਇਆ ਸੀ, ਦਾ ਏਰੀਆ 250 ਕਿਲੋਮੀਟਰ ਲੰਬਾਈ ਅਤੇ 40 ਕੁ ਕਿਲੋਮੀਟਰ ਚੌੜਾਈ ਵਿੱਚ ਸੀ। ਕੁਝ ਸਮਾਂ ਤਾਂ ਮਾਓ ਅਤੇ ਸਾਥੀਆਂ ਦੀ ਜਰੂਰਤਾਂ ਪੂਰੀਆਂ ਹੁੰਦੀਆਂ ਰਹੀਆਂ। ਪਰ ਜਿਵੇਂ ਜਿਵੇਂ ਹੋਰ ਸਾਥੀ ਆ ਕੇ ਰਲਦੇ ਰਹੇ ਅਤੇ ਕੌਮਿਨਤਾਂਗੀ ਫੌਜਾਂ ਵੱਲੋਂ ਘੇਰਾਬੰਦੀ ਸਖਤ ਹੁੰਦੀ ਗਈ, ਖਾਣ-ਪੀਣ ਅਤੇ ਕੱਪੜਿਆਂ ਦੀਆਂ ਮੁਸ਼ਕਿਲਾਂ ਵਧਦੀਆਂ ਗਈਆਂ। ਆਖਰ ਜਨਵਰੀ 1929 ਵਿੱਚ ਮਾਰਸ਼ਲ ਜ਼ੂ-ਤੇਹ ਦੀ ਅਗਵਾਈ ਵਿੱਚ ਕੌਮਿਨਤਾਂਗੀ - ਮਾਓ ਜ਼ੇ-ਤੁੰਗ /51