ਪੰਨਾ:ਮਾਣਕ ਪਰਬਤ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਘੋੜਾ ਕਿਸੇ ਪ੍ਰੇਤ ਵਾਂਗ ਉਡਦਾ, ਭਜ ਨਿਕਲਿਆ, ਧਰਤੀ ਉਹਦੇ ਸੁੰਮਾਂ ਹੇਠ ਸਾਂ-ਸਾਂ ਕਰਨ ਲਗੀ। ਉਹ ਇਲਾਨਾ ਕੋਸਿਨਜ਼ਾਨਾ ਦੇ ਘਰ ਵਲ ਹੋ ਪਿਆ, ਓਥੇ ਉਹ ਜੰਮਿਆ ਤੇ ਪਲਿਆ ਜੁ ਸੀ, ਤੇ ਓਥੇ ਹੀ ਉਹਦੀ ਸੰਭਾਲ ਤੇ ਪਰਵਰਸ਼ ਜੁ ਹੋਈ ਸੀ, ਤੇ ਉਹ ਸਾਹਮਣੇ ਦਰਵਾਜ਼ੇ ਅਗੇ ਆ, ਖਲੋ ਗਿਆ।

ਇਲਾਨਾ ਕੋਸਿਨਜ਼ਾਨਾ ਬਰੂਹਾਂ ਤਕ ਆਈ ਪਰ ਉਹਨੂੰ ਲੰਮੀ ਸਵਾਰੀ ਪਿਛੋਂ ਆਰਾਮ ਤੇ ਓਟ ਮੰਗਣ ਵਾਲਾ ਕੋਈ ਘੋੜਸਵਾਰ ਨਾ ਦਿਸਿਆ; ਉਹਦੀ ਥਾਂ ਉਹਨੂੰ ਆਪਣਾ ਘੋੜਾ ਦਿਸਿਆ, ਝਗੋ-ਝਗ ਹੋਇਆ ਤੇ ਲਹੂ ਨਾਲ ਲਿਬੜਿਆ ਪਿਆ। ਗਮ ਨਾਲ ਵਲਿਸ ਖਾ, ਉਹ ਘੋੜੇ ਵਲ ਭੱਜੀ, ਉਹਨੇ ਛੱਟਾਂ ਲਾਹ ਲਈਆਂ, ਤੇ ਜਦੋਂ ਖੋਲ੍ਹ ਕੇ ਵੇਖੀਆਂ, ਉਹਨੂੰ ਨਿਆਜ਼-ਬੋ ਫ਼ੇਤ-ਫ਼ਰੂਮੋਸ ਦੇ ਲੋਥ ਦੇ ਟੋਟੇ ਦਿੱਸੇ।

“ਹਾਇ, ਵਿਚਾਰਾ ਨਿਆਜ਼-ਬੋ ਫ਼ੇਤ-ਫ਼ਰੂਮੋਸ !" ਉਹ ਕੁਰਲਾਈ। "ਤੇ ਤੇਰਾ ਇਹ ਹਾਲ ਕੀਤਾ ਨੇ! ਤੇ ਉਹ, ਟੋਟਾ ਟੋਟਾ ਕਰ, ਉਹਦੇ ਸਰੀਰ ਨੂੰ ਜੋੜਨ ਲਗੀ, ਤੇ ਅਖੀਰ ਉਹ ਉਸੇ ਤਰ੍ਹਾਂ ਹੋ ਗਿਆ ਜਿਵੇਂ ਉਹ ਪਹਿਲੋਂ ਹੁੰਦਾ ਸੀ।

ਇਹ ਕਰ ਉਹ ਗੁਦਾਮ ਵਲ ਭੱਜੀ ਤੇ ਮਰਦਾ ਤੇ ਜਿਉਂਦਾ ਪਾਣੀ, ਜੰਗਲੀ ਸੂਰ ਦਾ ਬੱਚਾ ਤੇ ਪੰਛੀ ਦਾ ਦੁਧ ਕਢ ਲਿਆਈ। ਜਿਥੇ-ਜਿਥੇ ਮਾਸ ਦਾ ਟੋਟਾ ਨਹੀਂ ਸੀ, ਉਹਨੇ ਜੰਗਲੀ ਸੂਰ ਦੀਆਂ ਬੋਟੀਆਂ ਰੱਖ ਦਿਤੀਆਂ; ਤੇ ਉਹਨੇ ਉਹਦੇ ਉਤੇ ਮੁਰਦਾ ਪਾਣੀ ਛਿੜਕਿਆ ਤੇ ਵਖ-ਵਖ ਟੋਟੇ ਇਕ ਦੂਜੇ ਨਾਲ ਜੁੜ ਗਏ। ਇਸ ਪਿਛੋਂ ਉਹਨੇ ਉਹਨੂੰ ਜਿਉਂਦੇ ਪਾਣੀ ਨਾਲ ਨਹਾਇਆ, ਤੇ ਜਵਾਨ ਸੂਰਮਾ ਫੇਰ ਜਿਉਂ ਪਿਆ। ਉਹਨੇ, ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ, ਬਹੁਤ ਹੀ ਠੰਡਾ ਸਾਹ ਲਿਆ, ਤੇ ਕਹਿਣ ਲਗਾ:

“ਤੋਬਾ, ਕਿੰਨਾ ਚਿਰ ਸੁੁੱਤਾ ਰਿਹੈਂ ਮੈਂ!"

“ਚੰਨੜਿਆ, ਜੇ ਮੈਂ ਏਥੇ ਨਾ ਹੁੰਦੀ, ਤਾਂ ਤੂੰ ਸੁੱਤਾ ਈ ਰਹਿਣਾ ਸੀ ਤੇ ਫੇਰ ਕਦੀ ਨਹੀਂ ਸੀ ਜਾਗਣਾ, ਪੰਛੀ ਦੇ ਦੁਧ ਵਾਲਾ ਮਿੱਟੀ ਦਾ ਘੜਾ ਉਹਦੇ ਬੁਲਾਂ ਨਾਲ ਲਾਂਦਿਆਂ, ਇਲਾਨਾ ਕੋਸਿਨਜ਼ਾਨਾ ਨੇ ਉਹਨੂੰ ਦਸਿਆ।

ਨਿਆਜ਼-ਬੋ ਫ਼ੇਤ-ਫ਼ਰੂਮੋਸ ਦੁਧ ਪੀਣ ਲਗ ਪਿਆ, ਤੇ ਹਰ ਘੁਟ ਨਾਲ ਉਹਦੇ ਵਿਚ ਨਵੀਂ ਤਾਕਤ ਆਉਂਦੀ ਗਈ। ਤੇ ਜਦੋਂ ਉਹਨੇ ਸਾਰਾ ਦੁਧ ਪੀ ਲਿਆ, ਉਹ ਏਨਾ ਤਕੜਾ ਹੋ ਗਿਆ, ਜਿੰਨਾ ਉਹ ਪਹਿਲ ਕਦੀ ਨਹੀਂ ਸੀ ਹੁੰਦਾ; ਹੁਣ ਉਹ ਆਪਣੇ ਗੁਰਜ਼ ਦੀ ਇਕੋ ਸਟ ਨਾਲ ਚਕਮਾਕ ਪੱਥਰ ਦੀ ਚਟਾਨ ਨੂੰ ਚੂਰਾ ਕਰ ਸਕਦਾ ਸੀ।

ਉਹ ਜ਼ਮੀਨ ਤੋਂ ਉਠਿਆ, ਉਹਨੇ ਆਪਣੀ ਕਮਜ਼ੋਰੀ ਛੰਡ ਵਗਾਈ ਤੇ ਜਦੋਂ ਉਹਨੂੰ ਚੇਤਾ ਆਇਆ, ਅਜਗਰ ਨੇ ਉਹਦਾ ਕੀ ਹਾਲ ਕੀਤਾ ਸੀ, ਆਪਣਾ ਗੁਰਜ਼ ਚੁਕ ਲਿਆ ਤੇ ਕਾਹਲੀ - ਕਾਹਲੀ ਮਹਿਲ ਵਲ ਨੂੰ ਹੋ ਪਿਆ।

ਨਿਆਜ਼-ਬੋ ਦੀ ਹਿੱਕ ਵਿਚ ਬਦਲੇ ਦੀ ਤਿਹ ਇੰਜ ਸੀ, ਜਿਵੇਂ ਅਸਮਾਨੋਂ ਪਰਨਾਲੇ ਬਣ ਵਗਦਾ ਮੀਂਹ। ਉਹ ਪੈਰਾਂ ਦੀ ਪਰਵਾਹ ਕੀਤੇ ਬਿਨਾਂ, ਟੁਰਦਾ ਗਿਆ, ਟੁਰਦਾ ਗਿਆ ਤੇ ਅਖ਼ੀਰ ਮਹਿਲ 'ਚ ਪਹੁੰਚਿਆ; ਤੇ ਓਥੇ ਜਾਦੂਗਰਨੀ ਤੇ ਅਜਗਰ ਦਸਤਰਖ਼ਾਨ ਤੇ ਬੈਠੇ ਜ਼ਿਆਫ਼ਤ ਖਾ ਰਹੇ ਸਨ, ਤੇ ਉਹਦੀ ਆਪਣੀ ਮਾਂ ਕੋਲ ਖਲੋਤੀ ਖਾਣੇ ਪਰੋਸ ਰਹੀ ਸੀ।

ਜਦੋਂ ਉਹਨਾਂ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਖਾਣੇ ਵਾਲੇ ਕਮਰੇ ਵਿਚ ਵੜਦਿਆਂ ਵੇਖਿਆ, ਦੋਵਾਂ ਦੇ ਪੈਰਾਂ ਥਲਿਉਂ ਜ਼ਮੀਨ ਨਿਕਲਦੀ ਜਾਪੀ। ਪਰ ਨਿਆਜ਼-ਬੋ ਨੇ ਉਹਨਾਂ ਨੂੰ ਡਰਨ ਦੀ ਮੁਹਲਤ ਨਾ ਦਿੱਤੀ । ਉਹਨੇ ਇਕ ਹਥ ਨਾਲ ਜਾਦੂਗਰਨੀ ਨੂੰ ਤੇ ਦੂਜੇ ਨਾਲ ਅਜਗਰ ਨੂੰ ਫੜ ਲਿਆ, ਧਰੂੰਹਦਾ-ਧਰੂੰਹਦਾ ਉਹਨਾਂ