ਪੰਨਾ:ਮਾਣਕ ਪਰਬਤ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਬਾਹਰ ਇਹਾਤੇ ਵਿਚ ਲੈ ਆਇਆ ਤੇ ਉਹਨਾਂ ਦੇ ਡਕਰੇ ਕਰ ਦਿਤੇ। ਫੇਰ ਉਹਨੇ ਤਾਂਬੇ ਦੀ ਭੱਠੀ ਬਾਲੀ ਤੇ ਉਹਨਾਂ ਨੂੰ ਸਾੜ ਦਿਤਾ, ਤਾਂ ਜੁ ਜ਼ਮੀਨ ਉਤੇ, ਜਾਂ ਵਿਚ ਪਾਣੀ ਦੇ, ਖੁਲ੍ਹੀਆਂ ਚਰਾਂਦੀਂ, ਜਾਂ ਮੋਤੀਆਂ-ਭਰੇ ਸਮੁੰਦਰੀਂ, ਜਾਂ ਕਿਸੇ ਹੋਰ ਥਾਂ, ਹੇਠ ਨੀਲੇ ਅਸਮਾਨ, ਜਿਥੇ ਉਕਾਬ ਉਡਾਰੀਆਂ ਲਾਣ, ਰਹੇ ਨਾ ਉਹਨਾਂ ਦਾ ਨਾਂ - ਨਿਸ਼ਾਨ।

ਇਹ ਕਰ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਮਾਂ ਨੂੰ ਜੱਫੀ ਪਾ ਲਈ, ਉਹਨੂੰ ਚੁੰਮਿਆਂ ਤੇ ਧਰਵਾਸ ਦਿਤੀ। ਬਹੁਤ ਛੇਤੀ ਹੀ ਉਹਨਾਂ ਨੂੰ ਇਸ ਤੋਂ ਵੀ ਵਡੀ ਖੁਸ਼ੀ ਜੁੜੀ, ਇਸ ਲਈ ਕਿ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਇਲਾਨਾ ਕੋਸਿਨਜ਼ਾਨਾ ਨੂੰ ਜੀਵਨ-ਸਾਥ ਲਈ ਆਖਿਆ ਤੇ ਉਹ ਉਹਦੇ ਨਾਲ ਵਿਆਹ ਕਰਨਾ ਮੰਨ ਗਈ।

ਵਿਆਹ ਉਤੇ ਏਨੇ ਪ੍ਰਾਹੁਣੇ ਆਏ ਕਿ ਕੋਈ ਸ਼ੁਮਾਰ ਹੀ ਨਹੀਂ ਸੀ, ਤੇ ਉਹਨਾਂ ਜ਼ਿਆਫ਼ਤਾਂ ਦੀ ਜ਼ਿਆਫ਼ਤ ਖਾਧੀ। ਤੇ ਮੇਜ਼ ਦੇ ਸਿਰੇ ਤੇ ਆਪ ਰੋਸ਼ਨ ਸੂਰਜ ਬੈਠਾ ਸੀ, ਸ਼ਰਾਬ ਦੇ ਕੁੱਪੇ ਪੀ ਰਿਹਾ ਸੀ, ਸਭਨਾਂ ਲਈ, ਜਿਹੜੇ ਉਹਨੂੰ ਪਿਆਰੇ ਲਗਦੇ ਸਨ, ਖੁਸ਼ੀਆਂ ਤੇ ਮੌਜ-ਬਹਾਰਾਂ ਮੰਗ ਰਿਹਾ ਸੀ ਤੇ ਹਰ ਕਿਸੇ ਨਾਲ ਆਪਣੀ ਖੁਸ਼ੀ ਵੰਡਾ ਰਿਹਾ ਸੀ!

ਤੇ ਵਿਆਹ ਪਿਛੋਂ ਨਿਆਜ਼-ਬੋ ਫ਼ੇਤ-ਫ਼ਰੂਮੋਸ ਤੇ ਇਲਾਨਾ ਕੋਸਿਨਜ਼ਾਨਾ ਪਿਆਰ ਤੇ ਅਮਨ ਸਹਿਤ ਰਹਿਣ ਲਗ ਪਏ ਤੇ ਸ਼ਾਇਦ ਉਹ ਅਜੇ ਵੀ ਰਹਿ ਰਹੇ ਨੇ, ਜੇ ਉਹਨਾਂ ਦੇ ਪੂਰੇ ਹੋਣ ਦਾ ਵਕਤ ਨਹੀਂ ਆ ਗਿਆ ਹੋਇਆ।