ਪੰਨਾ:ਮਾਣਕ ਪਰਬਤ.pdf/227

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਨ ਉਸੇ ਹੀ ਵੇਲੇ ਇਕ ਜਵਾਨ ਔਰਤ ਉਹਨਾਂ ਕੋਲ ਆਈ ਤੇ ਕਹਿਣ ਲੱਗੀ:

"ਮਿਹਰਬਾਨੀ ਕਰਕੇ ਲੰਮੜੀ ਦੀ ਖਲ ਦਾ ਉਹ ਟੋਟਾ ਮੈਨੂੰ ਦੇ ਦਿਓ, ਜਿਹੜਾ ਤੁਹਾਡੇ ਘੋੜਸਵਾਰ ਲਿਆਏ ਨੇ, ਮੈਂ ਆਪਣੇ ਨਵੇਂ ਹੋਏ ਬਾਲ ਦੀ ਟੋਪੀ ਬਣਾਣੀ ਏਂ।"

“ਬਹੁਤ ਹੱਛਾ," ਵਡਿਆਂ ਨੇ ਆਖਿਆ, "ਲੈ ਜਾ।"

ਔਰਤ ਨੇ ਆਪਣੇ ਬਾਲ ਦੇ ਸਿਰ ਦਾ ਮੇਚਾ ਲਿਆ ਤੇ ਲੂੰਮੜੀ ਦੀ ਖਲ ਵਿਚੋਂ ਉਹਦੇ ਲਈ ਟੋਪੀ ਕੱਟਣ ਲਗ ਪਈ। ਪਰ ਉਹਨੂੰ ਛੇਤੀ ਹੀ ਦਿਸ ਪਿਆ, ਖਲ ਏਨੀ ਕੁ ਸੀ ਕਿ ਅੱਧੀ ਟੋਪੀ ਬਣ ਸਕੇਗੀ। ਇਸ ਲਈ ਉਹ ਫੇਰ ਵਡਿਆਂ ਕੋਲ ਗਈ ਤੋਂ ਉਹਨਾਂ ਤੋਂ ਲੂੰਮੜੀ ਦੀ ਖਲ ਦਾ ਦੂਜਾ ਅਧ ਮੰਗਣ ਲਗੀ।

ਤਾਂ ਚਾਲ੍ਹੀ ਘੋੜਸਵਾਰਾਂ ਨੇ ਮੰਨਿਆ, ਉਹ ਲੂੰਮੜੀ ਨੂੰ ਉਲਟਾ ਨਹੀਂ ਸਨ ਸਕੇ ਤੇ ਦੂਜੇ ਪਾਸੇ ਦੀ ਖਲ ਨਹੀਂ ਸਨ ਲਾਹ ਸਕੇ।

“ਜੇ ਲੂੰਮੜੀ ਦੀ ਅੱਧੀ ਖਲ ਨਾਲ ਆਪਣੇ ਬੱਚੇ ਦੀ ਟੋਪੀ ਨਹੀਉਂ ਬਣਦੀ," ਉਹ ਔਰਤ ਨੂੰ ਆਖਣ ਲਗੇ,“ਤਾਂ ਚੰਗਾ ਹੋਵੇ ਜੇ ਆਪ ਚਲੀ ਜਾਵੇਂ ਤੇ ਲੰਮੜੀ ਦੇ ਦੂਜੇ ਪਾਸੇ ਦੀ ਖਲ ਆਪ ਲਾਹ ਲਿਆਵੇਂ।"

ਔਰਤ ਨੇ ਆਪਣੇ ਮੁੰਡੇ ਨੂੰ ਚੁਕਿਆ ਤੇ ਉਥੇ ਗਈ ਜਿਥੇ ਉਹ ਲੰਮੜੀ ਨੂੰ ਛਡ ਆਏ ਸਨ। ਉਕਾ ਕੋਈ ਜ਼ੋਰ ਲਾਏ ਬਿਨਾਂ, ਉਹਨੇ ਲੂੰਮੜੀ ਨੂੰ ਪਰਤਾ ਲਿਆ, ਉਹਦੇ ਦੂਜੇ ਪਾਸੇ ਦੀ ਖਲ ਲਾਹ ਲਈ ਤੇ ਖਲ ਦੇ ਦੋ ਅੱਧਾਂ ਨਾਲ ਆਪਣੇ ਬਾਲ ਨੂੰ ਟੋਪੀ ਬਣਾ ਦਿਤੀ।

ਤੇ ਹੁਣ ਇਕ ਗਲ ਏ, ਜਿਹੜੀ ਅਸੀਂ ਤੁਹਾਡੇ ਤੋਂ ਪੁਛਣਾ ਚਾਹੁੰਦੇ ਹਾਂ: ਤੁਹਾਡੇ ਖਿਆਲ ਵਿਚ ਸਭ ਤੋਂ ਵਡਾ ਕੋਣ ਸੀ--

ਕੀ ਇਹ ਢੱਗਾ ਸੀ?
ਚੇਤੇ ਰਖਣਾ ਕਿ ਇਹਦੀ ਪੂਛਲ ਤੇ ਸਿਰ ਤਕ ਪਹੁੰਚਣ ਲਈ ਇਕ ਘੋੜਸਵਾਰ ਨੂੰ ਪੂਰਾ ਦਿਨ ਲਗ ਗਿਆ ਸੀ।
ਕੀ ਇਹ ਉਕਾਬ ਸੀ?
ਚੇਤੇ ਰਖਣਾ ਕਿ ਉਹ ਢੱਗੇ ਨੂੰ ਆਪਣੇ ਨਾਲ ਅਸਮਾਨੇਂ ਲੈ ਗਿਆ ਸੀ।
ਕੀ ਇਹ ਬਕਰਾ ਸੀ?
ਚੇਤੇ ਰਖਣਾ ਕਿ ਉਹ ਇਹਦੇ ਸਿੰਙ ਹੀ ਸਨ, ਜਿਨ੍ਹਾਂ ਉਤੇ ਉਕਾਬ ਬੈਠਾ ਸੀ ਤੇ ਜਿੱਥੇ ਉਹਨੇ ਢੱਗੇ ਨੂੰ ਖਾਧਾ ਸੀ।
ਕੀ ਇਹ ਆਜੜੀ ਸੀ?
ਚੇਤੇ ਰਖਣਾ ਕਿ ਉਹਦੀ ਅਖ ਵਿਚ ਚਾਲ੍ਹੀ ਹਕੀਮ ਚਾਲੀ ਬੇੜੀਆਂ ਵਿਚ ਠਿੱਲੇ ਸਨ?
ਕੀ ਇਹ ਲੂੰਮੜੀ ਸੀ?
ਚੇਤੇ ਰਖਣਾ ਕਿ ਉਹਨੇ ਢੱਗੇ ਦੇ ਮੋਢੇ ਦੀ ਹੱਡੀ ਨੂੰ ਮੂੰਹ ਮਾਰ ਭੁਚਾਲ ਲੈ ਆਂਦਾ ਸੀ।
ਕੀ ਇਹ ਬਾਲ ਸੀ?
ਚੇਤੇ ਰਖਣਾ ਕਿ ਉਹ ਏਡਾ ਵਡਾ ਸੀ ਕਿ ਉਹਦੀ ਟੋਪੀ ਲੂੰਮੜੀ ਦੀ ਪੂਰੀ ਖਲ ਤੋਂ ਬਣੀ ਸੀ।
ਜਾਂ ਕੀ ਉਹ ਔਰਤ ਸੀ, ਜਿਹਦਾ ਦਿਉਆਂ ਜਿੱਡਾ ਬਾਲ ਸੀ?
ਸੋਚੋ, ਦਮਾਗ਼ ਲਾ ਕੇ ਸੋਚੋ, ਤੇ, ਸ਼ਾਇਦ, ਤੁਸੀਂ ਸਾਨੂੰ ਦੱਸ ਸਕੋ।