ਪੰਨਾ:ਮਾਣਕ ਪਰਬਤ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੀਜੀ ਰਾਤ ਨੂੰ ਕਬਰ 'ਤੇ ਜਾਣ ਦੀ ਈਵਾਨ ਦੀ ਵਾਰੀ ਸੀ ਤੇ ਉਹਨੇ ਆਪਣੇ ਭਰਾਵਾਂ ਨੂੰ ਆਖਿਆ:

"ਦੋ ਰਾਤਾਂ ਬਾਪੂ ਦੀ ਕਬਰ 'ਤੇ ਮੈਂ ਜਾਂਦਾ ਰਿਹਾਂ। ਹੁਣ ਜਾਣ ਦੀ ਵਾਰੀ ਤੁਹਾਡੀ ਏ ਤੇ ਮੈਂ ਘਰ ਰਹਾਂਗਾ ਤੇ ਆਰਾਮ ਕਰਾਂਗਾ।"

"ਨਹੀਂ, ਨਹੀਂ," ਭਰਾਵਾਂ ਨੇ ਜਵਾਬ ਦਿਤਾ। "ਤੈਨੂੰ ਈ ਜਾਣਾ ਚਾਹੀਦੈ, ਈਵਾਨ, ਏਸ ਲਈ ਕਿ ਤੈਨੂੰ ਜਾਚ ਆ ਗਈ ਏ।"

"ਬਹੁਤ ਹੱਛਾ," ਈਵਾਨ ਮੰਨ ਗਿਆ, "ਮੈਂ ਚਲਾ ਜਵਾਂਗਾ।"

ਉਹਨੇ ਕੁਝ ਰੋਟੀ ਫੜੀ ਤੇ ਕਬਰ 'ਤੇ ਜਾ ਪਹੁੰਚਿਆ ਤੇ ਜਦੋਂ ਅੱਧੀ ਰਾਤ ਹੋਈ, ਮਿੱਟੀ ਦੋਫਾੜ ਹੋ ਗਈ ਤੇ ਬੁੱਢਾ ਬਾਪੂ ਕਬਰ ਵਿਚੋਂ ਉਠ ਖਲੋਤਾ।

"ਕੌਣ ਏ?" ਉਹਨੇ ਆਖਿਆ। "ਤੂੰ ਏ, ਈਵਾਨ, ਮੇਰੇ ਤੀਜੇ ਪੁਤਰਾ? ਦਸ ਰੂਸ ਦਾ ਕੀ ਹਾਲ ਹੈ ਏ: ਕੁੱਤੇ ਭੌਂਂਕ ਰਹੇ ਨੇ, ਬਘਿਆੜ ਚਾਂਗਰ ਰਹੇ ਨੇ ਜਾਂ ਮੇਰਾ ਬੱਚਾ ਰੋ ਰਿਹੈ?"

ਤੇ ਈਵਾਨ ਨੇ ਜਵਾਬ ਦਿਤਾ:

"ਮੈਂ ਵਾਂ, ਬਾਪੂ ਜੀ, ਤੁਹਾਡਾ ਪੁੱਤਰ ਈਵਾਨ। ਰੂਸ 'ਚ ਅਮਨ-ਅਮਾਨ ਏਂ।"

"ਈਵਾਨ, ਤੂੰ ਈ ਏਂ, ਜਿਨ੍ਹੇ ਮੇਰਾ ਹੁਕਮ ਮੰਨਿਐਂਂ। ਤੂੰ ਨਹੀਂ ਡਰਿਆ, ਤਿੰਨ ਰਾਤਾਂ ਮੇਰੀ ਕਬਰ ਤੇ ਆਉਣ ਤੋਂ। ਹੁਣ ਤੂੰ ਖੁਲ੍ਹੇ ਮੈਦਾਨ 'ਚ ਜਾ ਖਲੋ ਤੇ ਉਚੀ ਸਾਰੀ ਬੋਲ: 'ਸੁਰੰਗ-ਸਲੇਟੀ, ਸੁਣ, ਕਰ ਛੇਤੀ! ਤੈਨੂੰ ਸੱਦਾਂ ਇਤ, ਮੰਨ ਜਾਂ ਮਿਟ!' ਜਦੋਂ ਘੋੜਾ ਤੇਰੇ ਸਾਹਮਣੇ ਆਵੇ, ਚੜ੍ਹ ਕੇ ਉਹਦੇ ਸੱਜੇ ਕੰਨ 'ਚ ਵੜ ਜਾਈਂ ਤੇ ਖੱਬੇ 'ਚੋਂ ਨਿਕਲ ਆਈਂ, ਤੇ ਤੂੰ ਏਨਾ ਸੁਹਣਾ ਗਭਰੂ ਬਣ ਕੇ ਨਿਕਲੇਂਂਗਾ, ਜਿੰਨਾ ਸੁਹਣਾ ਕਦੀ ਕਿਸੇ ਵੇਖਿਆ ਹੋਣੈਂ। ਫੇਰ ਘੋੜੇ ਤੇ ਬਹਿ ਜਾਈਂ ਤੇ ਜਿਥੇ ਦਿਲ ਕਰਦਾ ਈ, ਚਲਾ ਜਾਈਂ।"

ਈਵਾਨ ਨੇ ਬਾਪੂ ਦੀ ਦਿਤੀ ਲਗਾਮ ਫੜ ਲਈ, ਉਹਦਾ ਸ਼ੁਕਰੀਆ ਅਦਾ ਕੀਤਾ, ਤੇ ਰਾਹ ਵਿਚ ਖੁੰਬਾਂ ਇਕੱਠੀਆਂ ਕਰਨ ਲਈ ਅਟਕਦਾ-ਅਟਕਾਂਦਾ ਘਰ ਵਲ ਨੂੰ ਹੋ ਪਿਆ। ਉਹ ਘਰ ਪਹੁੰਚਿਆ ਤੇ ਉਹਦੇ ਭਰਾਵਾਂ ਨੇ ਉਹਨੂੰ ਪੁਛਿਆ:

"ਬਾਪੂ ਮਿਲਿਆ ਸਾਈ?"

"ਆਹਖੋ, ਮਿਲੇ ਸਨ," ਈਵਾਨ ਨੇ ਜਵਾਬ ਦਿਤਾ।

"ਜਿਹੜੀ ਰੋਟੀ ਲੈ ਗਿਆ ਸੈਂ, ਖਾਧੀ ਸੀ ਉਹਨੇ?"

"ਆਹਖੋ, ਢਿਡ ਭਰ ਕੇ ਖਾਧੀ ਸਾਨੇਂਂ ਤੇ ਮੈਨੂੰ ਆਖਿਆ ਸਾਨੇਂ, ਹੁਣ ਫੇਰ ਉਹਨਾਂ ਦੀ ਕਬਰ 'ਤੇ ਨਾ ਆਵਾਂ।"

ਤੇ, ਐਨ ਉਹਨੀਂ ਹੀ ਦਿਨੀਂ ਜ਼ਾਰ ਨੇ ਢੰਡੋਰਾ ਫਿਰਵਾਇਆ ਕਿ ਸਾਰੇ ਭਲੇ, ਅਣ-ਵਿਆਹੇ ਨੌਜਵਾਨ ਉਹਦੇ ਦਰਬਾਰ ਵਿਚ ਇਕੱਠੇ ਹੋਣ। ਜ਼ਾਰ ਦੀ ਧੀ, ਜ਼ਾਰਜ਼ਾਦੀ ਸੁੰਦਰੀ, ਨੇ ਆਪਣੇ ਲਈ ਬਾਰਾਂ ਥੰਮਿਆਂ ਤੇ ਸ਼ਾਹਬਲੂਤ ਦੀਆਂ ਬਾਰਾਂ ਗੇਲੀਆਂ ਵਾਲਾ ਇਕ ਮਹਿਲ ਬਣਵਾਇਆ ਸੀ। ਤੇ ਉਹਦੇ ਵਿਚ ਉਹਨੇ ਸਭ ਤੋਂ ਉਪਰ ਵਾਲੇ ਕਮਰੇ ਦੀ ਬਾਰੀ ਵਿਚ ਬਹਿਣਾ ਸੀ ਤੇ ਓਸ ਜਣੇ ਨੂੰ ਉਡੀਕਣਾ ਸੀ ਜਿਹੜਾ ਘੋੜੇ ਦੀ ਅਸਵਾਰੀ ਕਰਦਾ ਉਹਦੀ ਬਾਰੀ ਜਿੰਨੀ ਉਚੀ ਛਾਲ ਮਾਰ ਲਵੇ ਤੇ ਉਹਦੇ ਬੁਲ੍ਹਾਂ ਨੂੰ ਚੁੰਮ ਲਵੇ। ਉਹਨੂੰ, ਜਿਹੜਾ ਇਹ ਕੁਝ ਕਰਨ ਵਿਚ ਕਾਮਯਾਬ ਹੋ ਜਾਂਦਾ, ਭਾਵੇਂ ਉਹ ਉਚੇ ਘਰਾਣੇ ਦਾ ਜੰਮਪਲ ਹੁੰਦਾ ਜਾਂ ਨੀਵੇਂ ਘਰਾਣੇ ਦਾ, ਜ਼ਾਰ ਨੇ ਆਪਣੀ ਧੀ, ਜ਼ਾਰਜ਼ਾਦੀ ਸੁੰਦਰੀ, ਦਾ ਡੋਲਾ ਦੇ ਦੇਣਾ ਸੀ ਤੇ ਨਾਲੇ ਆਪਣਾ ਅੱਧਾ ਰਾਜ।

੨੧