ਪੰਨਾ:ਮਾਣਕ ਪਰਬਤ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰ ਉਹਨੇ ਉਚੀ ਸਾਰੀ ਸੀਟੀ ਮਾਰੀ ਤੇ ਆਪਣਾ ਸੱਜਾ ਦਸਤਾਨਾ ਝੁੱੱਗੀ ਨੂੰ ਮਾਰਿਆ, ਜਿਥੇ ਉਹਦੇ ਭਰਾ ਸਨ। ਤੇ ਦਸਤਾਨੇ ਨੇ ਸਾਰੀਆਂ ਬਾਰਿਆਂ ਤੋੜ ਦਿਤੀਆਂ, ਪਰ ਭਰਾ ਸੁੱਤੇ ਰਹੇ ਤੇ ਉਹਨਾਂ ਕੁਝ ਨਾ ਸੁਣਿਆ।

ਫੇਰ, ਕਿਸਾਨ-ਜਾਏ ਈਵਾਨ ਨੇ ਆਪਣਾ ਪੂਰਾ ਜ਼ੋਰ ਲਾਇਆ, ਏਨੀ ਤੁੰਦੀ ਨਾਲ ਤਲਵਾਰ ਚਲਾਈ, ਜਿੰਨੀ ਤੁੰਦੀ ਨਾਲ ਉਹਨੇ ਕਦੀ ਨਹੀਂ ਸੀ ਚਲਾਈ ਤੇ ਉਹਨੇ ਚੁਦੋ-ਯੁਦੋ ਦੇ ਛੇ ਸਿਰ ਵੱਢ ਕੇ ਰਖ ਦਿਤੇ। ਪਰ ਚੁਦੋ-ਯੁਦੋ ਨੇ ਉਹਨਾਂ ਨੂੰ ਚੁੱਕ ਲਿਆ ਤੇ ਉਹਨਾਂ ਉਤੇ ਆਪਣੀ ਲਾਟੋ-ਲਾਟ ਉਂਂਗਲੀ ਫੇਰ ਉਹਨਾਂ ਨੂੰ ਉਹਨਾਂ ਵਾਲੀਆਂ ਧੌਣਾਂ ਉਤੇ ਜੜ ਲਿਆ ਤੇ ਉਹ ਇਕਦਮ ਹੀ ਉਹਨਾਂ ਨਾਲ ਇੰਜ ਜੁੜ ਗਏ, ਜਿਵੇਂ ਉਹ ਹਮੇਸ਼ਾ ਓਥੇ ਹੀ ਰਹੇ ਹੋਣ। ਫੇਰ ਉਹ ਕਿਸਾਨ-ਜਾਏ ਈਵਾਨ ਉਤੇ ਟੁੱਟ ਪਿਆ ਤੇ ਉਹਨੂੰ ਗਿੱਲੀ ਮਿੱਟੀ ਵਿਚ ਲਕ ਤਕ ਧਕ ਦਿਤਾ।

ਈਵਾਨ ਨੂੰ ਸੁਝ ਪਿਆ ਕਿ ਹਾਲਤ ਡਾਢੀ ਮੰਦੀ ਸੀ। ਉਹਨੇ ਆਪਣਾ ਖੱਬਾ ਦਸਤਾਨਾ ਲਾਹਿਆ ਤੇ ਝੁੱਗੀ ਉਤੇ ਦੇ ਮਾਰਿਆ, ਤੇ ਦਸਤਾਨੇ ਛਤ ਵਿਚ ਮਘੋਰਾ ਕਰ ਦਿਤਾ, ਪਰ ਦੋਵੇਂ ਭਰਾ ਸੁੱਤੇ ਰਹੇ ਤੇ ਉਹਨਾਂ ਕੁਝ ਨਾ ਸੁਣਿਆ।

ਫੇਰ ਕਿਸਾਨ-ਜਾਏ ਈਵਾਨ ਨੇ ਆਪਣੀ ਤਲਵਾਰ ਨਾਲ ਤੀਜੀ ਵਾਰੀ ਵਾਰ ਕੀਤਾ ਤੇ ਚੁਦੋ-ਯੁਦੋ ਦੇ ਨੌਂ ਸਿਰ ਵੱਢ ਕੇ ਰਖ ਦਿਤੇ। ਪਰ ਚੁਦੋ-ਯੁਦੋ ਨੇ ਉਹਨਾਂ ਨੂੰ ਚੁੱਕ ਲਿਆ ਤੇ ਉਹਨਾਂ ਉਤੇ ਆਪਣੀ ਲਾਟੋਲਾਟ ਉਂਂਗਲੀ ਫੇਰ ਉਹਨਾਂ ਨੂੰ ਉਹਨਾਂ ਵਾਲੀਆਂ ਧੌਣਾਂ ਉਤੇ ਫੇਰ ਜੜ ਲਿਆ ਤੇ ਉਹ ਇਕਦਮ ਹੀ ਉਹਨਾਂ ਨਾਲ ਜੁੜ ਗਏ। ਫੇਰ ਉਹ ਕਿਸਾਨ-ਜਾਏ ਈਵਾਨ ਉਤੇ ਟੁੱਟ ਪਿਆ ਤੇ ਉਹਨੂੰ ਗਿੱਲੀ ਮਿੱਟੀ ਵਿਚ ਮੋਢਿਆਂ ਤਕ ਧਕ ਦਿਤਾ।

ਪਰ ਈਵਾਨ ਨੇ ਆਪਣਾ ਟੋਪ ਲਾਹ ਲਿਆ ਤੇ ਝੁੱਗੀ ਨੂੰ ਦੇ ਮਾਰਿਆ ਤੇ ਝੁੱਗੀ ਸਟ ਖਾ ਹਿਲ ਪਈ ਤੇ ਝੂਲਣ ਲਗੀ ਤੇ ਢਹਿੰਦੀ-ਢਹਿੰਦੀ ਬਚੀ। ਸਿਰਫ਼ ਤਾਂ ਹੀ ਭਰਾਵਾਂ ਦੀ ਜਾਗ ਖੁਲ੍ਹੀ ਤੇ ਉਹਨਾਂ ਸੁਣਿਆ, ਈਵਾਨ ਦਾ ਘੋੜਾ ਉਚੀ-ਉਚੀ ਹਿਣਹਿਣਾ ਰਿਹਾ ਸੀ ਤੇ ਉਹ ਸੰਗਲੀ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹਦੇ ਨਾਲ ਉਹ ਬੱਝਾ ਪਿਆ ਸੀ।

ਉਹ ਤਬੇਲੇ ਵਲ ਭੱਜੇ ਤੇ ਉਹਨਾਂ ਘੋੜੇ ਨੂੰ ਖੋਲ੍ਹ ਦਿੱਤਾ ਤੇ ਆਪ ਉਹਦੇ ਮਗਰ ਨਠ ਪਏ।

ਈਵਾਨ ਦਾ ਘੋੜਾ ਸਿਰਪਟ ਦੌੜਦਾ ਆਪਣੇ ਮਾਲਕ ਕੋਲ ਪਹੁੰਚ ਗਿਆ ਤੇ ਚੁਦੋ-ਯੁਦੋ ਨੂੰ ਦੁਲੱਤੀਆਂ ਮਾਰਨ ਲਗ ਪਿਆ। ਤੇ ਚੁਦੋ-ਯੁਦੋ ਨੇ ਸ਼ੂਕਰ ਛੱਡੀ ਤੇ ਘੋੜੇ ਉਤੇ ਚੰਗਿਆੜਿਆਂ ਦੀ ਵਾਛੜ ਕਰ ਦਿਤੀ।

ਤੇ ਕਿਸਾਨ-ਜਾਏ ਈਵਾਨ ਨੇ ਆਪਣੇ ਆਪ ਨੂੰ ਮਿੱਟੀ ਵਿਚੋਂ ਕਢਿਆ ਤੇ ਛੇਤੀ ਨਾਲ ਚੁਦੋ-ਯੁਦੋ ਦੀ ਲਾਟੋ-ਲਾਟ ਉੱਗਲੀ ਵਢ ਦਿਤੀ ਤੇ ਫੇਰ ਉਹ ਉਹਦੇ ਸਿਰ ਲਾਹੁਣ ਲਗ ਪਿਆ ਤੇ ਲਾਹੁੰਦਾ ਗਿਆ, ਜਦੋਂ ਤਕ ਕੋਈ ਵੀ ਬਾਕੀ ਨਾ ਰਹਿ ਗਿਆ! ਇਸ ਪਿਛੋਂ ਉਹਨੇ ਉਹਦੀ ਲੋਥ ਦੇ ਛੋਟੇ-ਛੋਟੇ ਡਕਰੇ ਕਰ ਦਿੱਤੇ ਤੇ ਉਹਨਾਂ ਨੂੰ ਦਾਖਾਂ ਵਾਲੇ ਦਰਿਆ ਵਿਚ ਸੁਟ ਦਿਤਾ।

ਐਨ ਓਸੇ ਵੇਲੇ ਦੋਵੇਂ ਵਡੇ ਭਰਾ ਨੱਠੇ-ਠੱਠੇ ਪੁੱਜੇ।

"ਤੁਹਾਡਾ ਜੋੜਾ ਵੀ ਕਮਾਲ ਦਾ ਏ!" ਈਵਾਨ ਨੇ ਕਿਹਾ। "ਤੁਹਾਡੇ ਨੀਂਦਰ ਨਾਲ ਏਡੇ ਪਿਆਰ ਕਰਕੇ ਮੈਨੂੰ ਜਾਨ ਦੇਣੀ ਪੈ ਚੱਲੀ ਸੀ।"

ਤੇ ਦੋਵੇਂ ਭਰਾ ਉਹਨੂੰ ਝੁੱਗੀ ਨੂੰ ਲੈ ਗਏ, ਤੇ ਉਹਨੂੰ ਨੁਹਾਇਆ, ਖੁਆਇਆ-ਪਿਆਇਆ ਤੇ ਸੁਆ ਦਿਤਾ।

ਸਵੇਰੇ ਈਵਾਨ ਸਵੱਖਤੇ ਹੀ ਉਠ ਖਲੋਤਾ ਤੇ ਕਪੜੇ ਪਾਣ ਲਗ ਪਿਆ ।

੩੧