ਪੰਨਾ:ਮਾਣਕ ਪਰਬਤ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨੀ ਦਾ ਫਲ

ਏਸਤੋਨੀਅਨ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ, ਇਕ ਗ਼ਰੀਬ ਬੁੱਢਾ ਰਾਹੀ ਕਿਸੇ ਰਾਹੇ ਜਾ ਰਿਹਾ ਸੀ। ਤਰਕਾਲਾਂ ਪੈ ਗਈਆਂ ਸਨ, ਤੇ ਰਾਤ ਹੋਣ ਵਾਲੀ ਸੀ। ਬੁੱਢੇ ਨੇ ਆਸਰਾ ਲੈਣ ਦੀ ਸੋਚੀ ਤੇ ਇਕ ਬਹੁਤ ਵਡੇ ਘਰ ਦੀ ਬਾਰੀ ਖੜਕਾਈ।

"ਭਲੇ ਲੋਕੋ, ਮੈਨੂੰ ਰਾਤ ਭਰ ਲਈ ਆਸਰਾ ਦਿਓ! ਉਹਨੇ ਆਖਿਆ।

ਘਰ ਦੀ ਮਾਲਕਨ, ਜਿਹੜੀ ਇਕ ਰੱਜੀ-ਪੁੱਜੀ ਤੀਵੀਂ ਸੀ, ਉਹਦੀ ਆਵਾਜ਼ ਸੁਣ ਬਾਹਰ ਨਿਕਲੀ ਤੇ ਪ੍ਰਦੇਸੀ ਨੂੰ ਝਿੜਕਣ-ਝਾੜਨ ਲਗ ਪਈ।

"ਕੁੱਤੇ ਛਡ ਦਿਆਂਗੀ ਤੇਰੇ 'ਤੇ!" ਉਹ ਚਿਲਕੀ। “ਫੇਰ ਲੱਗੀਗਾ ਪਤਾ, ਰਾਤ ਲਈ ਆਸਰਾ ਕਿਵੇਂ ਮੰਗੀਦੈ। ਦੂਰ ਹੋ ਜਾ ਏਥੋਂ!

ਬੁੱਢਾ ਅਗੇ ਟੁਰ ਪਿਆ। ਉਹਨੂੰ ਇਕ ਛੋਟਾ ਜਿਹਾ ਗਰੀਬ ਘਰ ਦਿਸਿਆ, ਤੇ ਉਹਨੇ ਉਹਦੀ ਬਾਰੀ 'ਤੇ ਖੜਾਕ ਕੀਤਾ।

“ਭਲੇ ਲੋਕੋ, ਰਾਤ ਭਰ ਲਈ ਆਸਰਾ ਦਿਉਗੇ ਮੈਨੂੰ? ਉਹਨੇ ਪੁਛਿਆ।

“ਅੰਦਰ ਲੰਘ ਆ, ਲੰਘ ਆ ਅੰਦਰ! ਘਰ ਦੀ ਮਾਲਕਣ ਨੇ ਸੁਖਾਵੇਂ ਸਹਿਜੇ ਵਿਚ ਜਵਾਬ ਦਿਤਾ। ਜੀ ਸਦਕੇ ਰਾਤ ਸਾਡੇ ਕੋਲ ਗੁਜ਼ਾਰ | ਬਸ ਸਿਰਫ਼ ਰੌਲਾ ਹੋਏਗਾ ਤੇ ਥਾਂ ਵੀ ਬਹੁਤੀ ਨਹੀਂ। ਪਿਛੋਂ ਨਾ ਕਹੀਂ।

ਪ੍ਰਦੇਸੀ ਘਰ ਅੰਦਰ ਆ ਗਿਆ, ਤੇ ਉਹਨੇ ਵੇਖਿਆ, ਪਰਵਾਰ ਬਹੁਤ ਹੀ ਗ਼ਰੀਬ ਸੀ। ਬਹੁਤ ਸਾਰੇ ਬਚੇ ਸਨ, ਤੇ ਝੱਗੇ ਜਿਹੜੇ ਉਹਨਾਂ ਪਾਏ ਹੋਏ ਸਨ, ਲੀਰੋ-ਲੀਰ ਤੇ ਘਸੱਡੇ ਹੋਏ ਸਨ।

“ਬਚਿਆਂ ਨੂੰ ਇਹ ਲੀਰਾਂ ਕਿਉਂ ਪਾਈਆਂ ਹੋਈਆਂ ਨੀ?" ਦੇਸੀ ਨੇ ਪੁਛਿਆ। “ਨਵੇਂ ਝੱਗੇ ਕਿਉਂ ਨਹੀਂ ਬਣਾ ਦੇਂਦੀ ਇਹਨਾਂ ਨੂੰ?

"ਕਿਵੇਂ ਬਣਾ ਦਿਆਂ?" ਤੀਵੀਂ ਨੇ ਜਵਾਬ ਦਿਤਾ। ਘਰ ਵਾਲਾ ਮੇਰਾ ਗੁਜ਼ਰ ਗਿਆ ਹੋਇਐ, ਤੇ ਬੱਚੇ ਨੂੰ ਆਪਣੇ ਸਿਰ 'ਤੇ ਈ ਪਾਲਣੇ ਪੈ ਰਹੇ ਨੇ ... ਕਪੜਿਆਂ ਦੀ ਛੱਡੋ, ਸਾਡੇ ਕੋਲ ਰੋਟੀ ਖਾਣ ਨੂੰ ਵੀ ਪੈਸੇ ਪੂਰੇ ਨਹੀਂ ਹੁੰਦੇ।”