ਪੰਨਾ:ਮਾਤਾ ਹਰੀ.pdf/171

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਫ਼ਾਈਲ ਮੰਗਾ ਲਈ। ਆਪਣਾ ਕੰਮ ਮੁਕਾ ਲਿਆ ਪਰ ਉਹਨੂੰ ਜ਼ਰਾ ਜਿੰਨਾ ਵੀ ਸ਼ਕ ਨਾ ਹੋਇਆ ਕਿ ਇਹ ਕਾਗਜ ਦਫ਼ਤਰੋਂ ਬਾਹਰ ਕਿਸ ਤਰ੍ਹਾਂ ਹੋਰ ਦੇ ਹਥ ਵਿਚ ਗਏ ਸਨ। ਅਸਲ ਵਿਚ ਇਸ ਸਮੇਂ ਵਿਚ ਇਹ ਕੋਡ-ਕਿਤਾਬ ਦੇ ਹਰ ਇਕ ਸਫੇ ਦੀ ਫੋਟੋ ਲਈ ਜਾ ਚੁਕੀ ਸੀ।

ਇਹ ਕਿਸ ਤਰ੍ਹਾਂ ਕੀਤਾ ਗਿਆ? ਇਹ ਮੋਟਰ ਡਰਾਈਵਰ ਅਸਲ ਵਿਚ ਫਰਾਂਸ ਦਾ ਜਾਸੂਸ ਸੀ। ਇਹ ਡਰਾਈਵਰ ਇਕ ਦਿਨ ਜਰਮਨ ਦਫ਼ਤਰ ਦੇ ਇਕ ਨਿੱਕੇ ਬਾਬੂ ਕੋਲੋਂ ਇਕ ਫ਼ਾਈਲ ਲੈ ਸਕਿਆ ਸੀ। ਦਿਨਾਂ ਬਧੀ ਇਸ ਫ਼ਾਈਲ ਨੂੰ ਆਪਣੀ ਸੀਟ ਹੇਠਾਂ ਰਖਕੇ ਮੋਟਰ ਚਲਾਂਦਾ ਰਿਹਾ ਅਤੇ ਕਿਸੇ ਘੜੀ ਦੀ ਉਡੀਕ ਕਰਦਾ ਰਿਹਾ। ਇਹਨੂੰ ਅਤੇ ਇਹਦੇ ਨਾਲ ਕੰਮ ਕਰਨ ਵਾਲੀ ਸਹੇਲੀ ਨੂੰ ਕਈ ਦਿਨ ਸਬਰ ਨਾਲ ਇੰਤਜ਼ਾਰੀ ਕਰਨੀ ਪਈ ਤਾਂ ਜੇ ਜਰਮਨ ਜਾਸੂਸ ਨੂੰ ਕਿਵੇਂ ਠੀਕ ਸਮੇਂ ਸਿਰ ਕਾਬੂ ਕੀਤਾ ਜਾਵੇ। ਅੰਤ ਵਿਚ ਕਿਸਮਤ ਨੇ ਕਿਰਪਾ ਕੀਤੀ। ਜਿਵੇਂ ਚਾਹੁੰਦੇ ਸਨ ਉਵੇਂ ਹੀ ਢੋ ਢੁਕ ਗਏ। ਕੇਵਲ ਇਕ ਗੱਲ ਦੀ ਕੁਝ ਕਸਰ ਰਹਿ ਗਈ। ਜਰਮਨ ਜਾਸੂਸ ਕੋਲ ਇਕ ਚਮੜੇ ਦਾ ਬੈਗ ਸੀ ਜਿਸ ਵਿਚ ਫਾਈਲ ਨੂੰ ਰਖਣਾ ਸੀ। ਜਿਹੜੀ ਫਾਈਲ ਨੂੰ ਬਦਲਾ ਕੇ ਰਖਣਾ ਸੀ, ਉਸ ਵਿਚ ਕਾਗ਼ਜ਼ ਵਧੇਰੇ ਸਨ। ਕਾਗ਼ਜ਼ਾਂ ਨੂੰ ਕੱਢ ਕੇ ਵਿਤ ਅਨੁਸਾਰ ਫ਼ਾਈਲ ਬਨਾਣ ਦਾ ਸਮਾਂ ਨਹੀਂ ਸੀ ਕਿਉਂਕਿ ਫਲ ਖ਼ਰੀਦਣ ਵਿਚ ਬਹੁਤਾ ਸਮਾਂ ਨਹੀਂ ਸੀ ਲਗ ਸਕਦਾ, ਇਸ ਲਈ ਮੋਟਰ-ਡਰਾਈਵਰ ਨੂੰ ਖੁਲ੍ਹੇ ਕਾਗਜ਼ਾਂ ਉਤੇ ਬੈਠ ਕੇ ਹੀ ਸਾਰਾ ਸਫ਼ਰ ਮੁਕਾਣਾ ਪਿਆ। ਦੋਹਾਂ ਸਵਾਰੀਆਂ ਨੂੰ ਲਾਹ ਕੇ ਮੋਟਰ ਨੂੰ ਦੁੜਾਂਦਾ ਦਫ਼ਤਰ ਵਲ ਗਿਆ।

੧੭੨.