ਪੰਨਾ:ਮਾਤਾ ਹਰੀ.pdf/207

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਂਡ ੧੬

ਦੀਵਾ ਹਿੱਸ ਗਿਆ

"ਸੈਂਟ ਲਰਜਾਇ" ਦੀ ਜੇਲ ਵਿਚ ਕੋਠੜੀ ਨੰ: ੧੨, ਫ਼ਰਾਂਸ ਦੇ ਇਤਹਾਸ ਵਿਚ ਇਕ ਯਾਦਗਾਰ ਬਣ ਗਈ ਹੈ। ਇਥੇ ਪਹਿਲੇ ਭੀ ਦੋ ਇਸਤ੍ਰੀਆਂ ਕੈਦ ਰਹਿ ਚੁਕੀਆਂ ਸਨ, ਪਰ ਮਾਤਾ ਹਰੀ ਨੇ ਇਸ ਕੋਠੜੀ ਨੂੰ ਅਮਰ ਯਾਦ ਬਖ਼ਸ਼ ਦਿੱਤੀ ਹੈ।

ਮੌਤ ਦੇ ਫ਼ੈਸਲੇ ਪਿਛੋਂ ਸ਼ਹਿਰ ਵਿਚ ਇਹ ਅਫਵਾਹ ਆਮ ਹੋ ਗਈ ਸੀ ਕਿ ਮਾਤਾ ਹਰੀ ਦੇ ਪ੍ਰੀਤਮ ਅਤੇ ਮਦਦਗਾਰ ਸਰਕਾਰ ਨੂੰ ਮਜਬੂਰ ਕਰਨਗੇ ਕਿ ਮਾਤਾ ਹਰੀ ਦੀ ਸਜ਼ਾ ਨੂੰ ਮਨਸੂਖ ਕੀਤਾ ਜਾਵੇ। ਜੇਕਰ ਸਰਕਾਰ ਨੇ ਨਾ ਮੰਨਿਆ ਤਾਂ ਸੰਭਵ ਹੈ ਕਿ ਕੋਈ ਸਾਜ਼ਸ਼ ਕਰ ਕੇ ਮਾਤਾ ਹਰੀ ਨੂੰ ਜੇਹਲ ਤੋਂ ਕਢਕੇ ਲੈ ਜਾਵਣ। ਏਸ ਡਰ ਦੇ ਕਾਰਣ ਜੇਹਲ ਦੇ ਚੁਗਿਰਦੇ ਪੱਕਾ ਪਹਿਰਾ ਲਗ ਗਿਆ ਸੀ।

ਮਾਤਾ ਹਰੀ ਦੇ ਵਤੀਰੇ ਤੋਂ ਵੀ ਇਹ ਪਤਾ ਲਗਦਾ ਸੀ ਕਿ ਉਹਦੇ ਅੰਦਰ ਇਸ ਗਲ ਦਾ ਯਕੀਨ ਸੀ ਕਿ ਜੇਹਲ ਤੋਂ ਬਾਹਰ ਕੋਈ ਕੰਮ ਕਰ ਰਹੀ ਤਾਕਤ ਫ਼ਾਂਸੀ ਦੀ ਸਜ਼ਾ ਨੂੰ ਘਟਾ ਦੇਵੇਗੀ।

੨o੮.