ਪੰਨਾ:ਮਾਤਾ ਹਰੀ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਤਾ ਹਰੀ ਕੁਝ ਚੋਣਵੇਂ ਆਦਮੀਆਂ ਦੇ ਸਾਹਮਣੇ ਨਚ ਕੇ ਬਹੁਤਾ ਖੁਸ਼ ਹੁੰਦੀ ਸੀ, ਬਜਾਇ ਆਮ ਪਬਲਿਕ ਦੇ ਸਾਹਮਣੇ। ਮਾਤਾ ਹਰੀ ਬੜਾ ਹੀ ਪੈਸਾ ਕਮਾ ਰਹੀ ਸੀ, ਪਰ ਉਹਨੂੰ ਅਜੇ ਹੋਰ ਬਹੁਤ ਲੋੜ ਸੀ-ਆਪਣੇ ਅਯਾਸ਼ੀ ਖਿਆਲਾਂ ਨੂੰ ਪੂਰਾ ਕਰਨ ਲਈ ਅਤੇ ਅਨ੍ਹੇ-ਵਾਹ ਦਾਨ ਕਰਨ ਲਈ।

"ਉਹਦੀਆਂ ਜ਼ਬਰਦਸਤ ਥਰਥਰਾਹਟਾਂ ਅਤੇ ਸਖ਼ਤ ਮਚਕੋੜੀਆਂ ਬੜੀਆਂ ਹੀ ਦਿਲ ਨੂੰ ਮੋਹਣ ਵਾਲੀਆਂ ਸਨ। ਉਹਦੇ ਨਾਚਾਂ ਅਤੇ ਕਰਤਬਾਂ ਵਿਚ ਕੁਝ ਬੁਤ ਦੀ ਸੰਜੀਦਗੀ ਸੀ ਤੇ ਕੁਝ ਸਪ ਤੋਂ ਆਏ ਡਰ ਦੀ ਕੰਬਣੀ। ਉਹਦੀਆਂ ਵੱਡੀਆਂ ਅਧ-ਮੀਟੀਆਂ ਨਸ਼ੀਲੀਆਂ ਅੱਖਾਂ ਵਿਚੋਂ ਰੋਸ਼ਨੀ ਉਠ ਉਠ ਪੈਂਦੀ ਸੀ। ਇੰਝ ਜਾਪਦਾ ਸੀ ਕਿ ਉਹ ਆਪਣੀਆਂ ਸੋਹਣੀਆਂ ਬਾਹੀਆਂ ਵਿਚ ਕਿਸੇ ਅਣਡਿਠੇ ਮਨੁੱਖ ਨੂੰ ਨਪੀੜਨ ਲਗੀ ਸੀ। ਉਹਦੀਆਂ ਸੋਹਣੀਆਂ ਚਮਕੀਲੀਆਂ ਲੱਤਾਂ ਏਸ ਤਰ੍ਹਾਂ ਹਿਲਦੀਆਂ ਸਨ ਕਿ ਇੰਝ ਜਾਪਦਾ ਸੀ ਕਿ ਹੁਣੇ ਕੋਈ ਰਗ ਟੁੱਟੀ ਕਿ ਟੁੱਟੀ। ਏਸ ਕਰਤਬ ਨੂੰ ਤਕਣਾ ਮਾਨੋ ਸਚਮੁਚ ਇਕ ਸੁਪਨੀ ਨੂੰ ਇਸਤ੍ਰੀ ਦਾ ਰੂਪ ਧਾਰਨ ਕਰਦੇ ਤਕਣਾ ਸੀ!

ਸਪਣੀ। ਹਰ ਵੇਲੇ ਸਪਣੀ!

੩੪.