ਪੰਨਾ:ਮਾਨ-ਸਰੋਵਰ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਤਖ਼ਤ ਕਿਸੇ ਦੇ, ਹੋ ਗਏ ਸੁੁੰਞੇਂ ।
ਪਲੰਘਾਂ ਵਾਲੇ, ਸੌਂ ਰਹੇ ਭੁਞੇਂ ।

ਨਾ ਉਹ ਸਿੰਘ, ਨ ਭਬਕਾਂ ਰਹੀਆਂ !
ਨਾ ਉਹ ਰੋਅਬ, ਨ ਧਮਕਾਂ ਰਹੀਆਂ ।

ਨਾ ਉਹ ਅਣਖਾਂ, ਵਾਲੀ ਛਾਤੀ ।
ਮਾਰਨ ਜੋਗੀ, ਖੁਲ੍ਹੀ ਝਾਤੀ ।

ਨੈਣਾਂ ਦੇ ਵਿਚ, ਨੂਰ ਰਿਹਾ ਨਾ ।
ਦਿਲ ਦੇ ਵਿਚ, ਸਰੂਰ ਰਿਹਾ ਨਾ ।

ਨਾ ਉਹ ਛੈਲ ਜਵਾਨੀ, ਰਹਿ ਗਈ।
ਨਾ ਉਹ ਤੇਗ, ਨੂਰਾਨੀ ਰਹਿ ਗਈ ।

ਉਹ ਬੇਦਾਗ਼, ਨ ਪੱਗਾਂ ਰਹੀਆਂ ;
ਉਹ ਇਜ਼ਤਾਂ, ਨਾ ਲੱਜਾਂ ਰਹੀਆਂ ।

ਨਾ ਉਹ ਖ਼ੂਨ, ਨਾ ਸੀਨੇ ਰਹਿ ਗਏ ।
ਨਾ ਉਹ ਲਾਲ, ਨਗੀਨੇ ਰਹਿ ਗਏ ।

ਨਾ ਉਹ ਤੇਗਾਂ, ਨ ਉਹ ਢਾਲਾਂ ।
ਨਾ ਉਹ ਤਸਬੀਆਂ, ਨਾ ਉਹ ਮਾਲਾਂ ।

ਨਾ ਉਹ ਆਨ, ਹਕੂਮਤ ਵਾਲੀ ।
ਨਾ ਉਹ ਸ਼ਾਨ, ਹਕੂਮਤ ਵਾਲੀ ।

ਨਾ ਅਣਝੱਕ, ਜ਼ਬਾਨੀ ਗੱਲਾਂ ।
ਨਾ , ਪਾਉਂਦੇ, ਚੋਬਰ ਤੜਥੱਲਾਂ ।

- ੧੦੪ -