ਪੰਨਾ:ਮਾਨ-ਸਰੋਵਰ.pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਸੇ ਦੀ ਝਾਕੀ ਲੈਣੀ ਸੌਖੀਖੀ ਹੈ ਪਰ ਉਸ ਦੀ ਪਰਕਰਮਾ ਕਰਨੀ ਬਹੁਤ ਕਠਨ ਹੈ, ਕਨਾਰੇ ਟੁਟੇ ਫੁਟੇ ਹਨ, ਕਈ ਨਦੀਆਂ ਨਾਲੇ ਆ ਕੇ ਵਿਚ ਪੈਂਦੇ ਹਨ, ਕਈ ਬਾਹਰ ਨਿਕਲ ਰਹੇ ਹਨ, ਇਹ ਆਦਮੀ ਦੇ ਦਿਲ ਵਾਂਗ ਹੈ, ਕਿਧਰੇ ਲਹੂ ਬਾਹਰ ਭੇਜਿਆ ਜਾ ਰਿਹਾ ਹੈ, ਕਿਧਰੇ ਘੁੰਮਕੇ ਫਿਰ ਵਿਚ ਆ ਰਿਹਾ ਹੈ। ਤਿੱਬਤ ਦੀਆਂ ਨਵੇਕਲੀਆਂ ਥਾਵਾਂ ਤੇ ਮਾਨ ਸਰੋਵਰਾਂ ਦੇ ਕੰਢਿਆਂ ਉਤੇ ਬੈਠਕੇ ਤਪੱਸਿਆ ਕਰਨੀ ਕੇਵਲ ਬੋਧੀਆਂ ਦੇ ਹਿਸੇ ਆਈ ਹੈ, ਇਕ ਯੌਰਪ ਦੀ ਤੀਵੀਂ ਨੇ ਬਾਰਾਂ ਸਾਲਾਂ ਦੀ ਤਿਬਤ-ਯਾਤਰਾ ਪਿਛੋਂ ਬਨਾਰਸ ਯੂਨੀਵਰਸਟੀ ਵਿਚ ਲੈਕਚਰ ਦੇਦਿਆਂ ਕਿਹਾ ਸੀ 'ਸਾਇੰਸ ਦੇ ਰੌਲਿਆਂ ਤੋਂ ਦੂਰ ਦੀਆਂ ਥਾਵਾਂ ਉਤੇ ਬਹਿਕੇ ਹਰ ਇਕ ਆਦਮੀ ਆਪਣੇ ਅੰਦਰ ਦੀਆਂ ਬਚਿੱਤਰਤਾਵਾਂ ਵੇਖ ਸਕਦਾ ਹੈ। ਦੂਰ ਬੈਠੇ ਸਜਣਾਂ ਨੂੰ ਦਿਲ ਦੀ ਤਾਰ ਰਾਹੀਂ ਸੁਨੇਹੇ ਭੇਜਕੇ ਉਨਾਂ ਦੇ ਉਤਰ ਲੈ ਸਕਦਾ ਹੈ। ਮੈਂ ਆਪ ਹੁਣੇ ਤੁਹਾਨੂੰ ਇਸਤਰ੍ਹਾਂ ਕਰਕੇ ਦੱਸਾਂਗੀ।’ ਤੇ ਫਿਰ ਉਸਨੇ ਕੀਤਾ।

'ਸ੍ਰੀ ਹੇਮ ਕੁੰਟ' ਦੇ ਸਾਹਮਣੇ ਇਕ ਫੁਲਾਂ ਦੀ ਵੈਲੀ ਹੈ, ਜਿਥੇ ਸੰਸਾਰ ਭਰ ਤੋਂ ਅਨੋਖੇ ਅਤੇ ਬਹੁਤੇ ਫੁਲ ਹਨ। ਇਕ ਅੰਗ੍ਰੇਜ਼ ਬੁਢੀ ਤੀਵੀਂ ਨੇ ਆ ਕੇ ਉਥੋਂ ਦੋ ਸੌ ਬਹੱਤਰ ਫੁਲਾਂ ਦੀ ਕਹਾਣੀ ਅਤੇ ਫੁਲ ਇੰਗਲੈਂਡ ਦੀ ਤਜਰਬਾ-ਗਾਹ ਨੂੰ ਭੇਜੇ ਸਨ, ਇਹ ਪ੍ਰੋਗਸ਼ਾਲਾ ਸੰਸਾਰ ਵਿਚ ਦੂਜੇ ਦਰਜੇ ਉਤੇ ਹੈ। ਉਸ ਬੁਢੀ ਤੀਵੀਂ ਦੀ ਉਥੇ ਹੁਣ ਇਕ ਕਬਰ ਹੈ, ਉਹ ਫੁਲ ਤੋੜਦੀ ਤੋੜਦੀ ਡਿਗ ਪਈ ਸੀ। ਆਪਣੇ ਵਤਨਾਂ ਤੋਂ ਦੂਰ ਉਥੇ ਇਕ ਬੁਢੀ ਸੁਤੀ ਹੋਈ ਹੈ ਅਤੇ ਉਸਦੇ ਚੁਫੇਰੇ ਏਨੇ ਫੁਲ ਹਨ, ਜਿੰਨੇ ਪੰਜਾਹ ਕਸ਼ਮੀਰਾਂ ਇਕਠੀਆਂ ਕਰਨ ਤੇ ਭੀ ਨਹੀਂ ਹੋ ਸਕਦੇ। ਭਾਰਤ ਦੀ ਫਲਾਂ ਦੀ ਵੈਲੀ ਦੀ ਸੰਸਾਰ ਭਰ ਵਿਚ ਚਰਚਾ ਹੈ, ਮਾਨ ਸਰੋਵਰ ਦੀ ਯਾਤਰਾ ਲਈ ਅਮਰੀਕਾ ਤੋਂ ਸੈਲਾਨੀ ਆਉਂਦੇ ਹਨ, ਪਰ ਸਾਨੂੰ ਆਪਣੀਆਂ ਅਧਿਆਤਮਕ ਦੌਲਤਾਂ ਦਾ ਅਜੇ ਤੱਕ ਪਤਾ ਨਹੀਂ ਹੈ।

-੮-