ਸਮੱਗਰੀ 'ਤੇ ਜਾਓ

ਪੰਨਾ:ਮਾਨ-ਸਰੋਵਰ.pdf/146

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ


ਤਾਹੀਓਂ ਧਰਮ ਜਹਾਨ ਦਾ ਡੋਲਿਆ ਏ,
ਰੱਬ ਅੱਪਣੇ ਫ਼ਰਜ਼ ਲਿਤਾੜ ਦਾ ਏ।
ਛੱਤ ਪਾੜ ਕੇ ਤੇ ਮੇਰੀ ਕੱਬਰ ਉਤੋਂ,
ਪਾੜ ਪਾੜ ਕੇ ਅੱਖੀਆਂ ਤਾੜ ਦਾ ਏ।

ਤੇਰੀ ਜੁਤੀ ਤੋਂ ਵਾਰੇ ਬਹਿਸ਼ਤ ਅੜੀਏ,
ਠੁਠ ਤੇਰਾ ਅਸਮਾਨ ਨੂੰ ਜਾਏ ਹੀਰੇ।
ਉੱਚੇ ਅਰਸ਼ ਤੇ ਥੁੱਕੇ ਬਲਾ ਤੇਰੀ,
ਮੂਸਾ ਨਿਤ ਪਿਆ ਘੁੁੰਬਰਾਂ ਪਾਏ ਹੀਰੇ।

ਜੇਕਰ ਖ਼ਾਕ ਛੋਹੇ ਪੈਰਾਂ ਤੇਰਿਆਂ ਨੂੰ,
ਜ਼ੱਰੇ ਜ਼ੱਰੇ ਵਿਚ ਆਵੇ ਬਹਾਰ ਅੜੀਏ।
ਵਾਰ ਦਿਤੇ ਤੂੰ ਯਾਰ ਦੀ ਪੁਛ ਉਤੋਂ,
ਲੱਖਾਂ ਮੂਸੇ ਤੇ ਰੱਬ ਹਜ਼ਾਰ ਅੜੀਏ।

ਮੈਂ ਹੁਣ ਸਮਝਿਆ ਮਿੱਟੀ ਦੀ ਮੜ੍ਹੀ ਨਹੀਂ ਏਹ,
ਬੂਟਾ ਇਸ਼ਕ ਦਾ ਸਦਾ-ਬਹਾਰ ਹੈ ਇਹ।
ਸਾਂਭਣ ਲਈ ਜਾਂ ਤੇਰਿਆਂ ਜਜ਼ਬਿਆਂ ਨੂੰ,
ਦਿਤਾ ਇਸ਼ਕ ਨੇ ਮਹਿਲ ਉਸਾਰ ਹੈ ਇਹ।

ਸਦਾ ਯੂਸਫ਼ ਜ਼ੁਲੈਖ਼ਾਂ ਦੇ ਨਾਲ ਵੱਸੇ,
ਨਿਤ ਉੱਠਦੀ ਏ ਨਵੀਂ ਆਸ ਏਥੇ।
ਨਵੇਂ ਕਾਨ੍ਹ ਦੀ ਬੰਸਰੀ ਵੱਜਦੀ ਏ,
ਨਵੀਂ ਰਾਧਕਾਂ ਪਾਉਂਦੀ ਰਾਸ ਏਥੇ।

ਜੀਂਦੀ ਵੇਖ ਲੈਂਦੇ ਖਵਰੇ ਲੱਭਦਾ ਕੀ,
ਲੱਖਾਂ ਮੁਲ ਹੈ ਕਬਰ ਦੀ ਝਾਤ ਦਾ ਨੀ।

-੧੪੨-