ਪੰਨਾ:ਮਾਲਵੇ ਦੇ ਲੋਕ ਗੀਤ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਜਿਗਰਾ ਕੀਤਾ, ਜਿਗਰਾ ਕੀਤਾ ਵਹਿਮੀਆਂ ਢੋਲਾ।
ਮੈਂ ਕਾਂਟੇ ਕਰਾਏ ਏਥੇ ਨੀ,ਤੂੰ ਪਹਿਨਣ ਵਾਲੀ ਪੇਕੇ ਨੀ,
ਦੱਸ ਕੀਹਦੇ ਪਾਵਾਂ ਕੀਹਦੇ ਪਾਵਾਂ ਸੋਹਣੀਏ ਹੀਰੇ।
ਪਹਿਨਣ ਤੇਰੀਆਂ ਭੈਣਾਂ ਵੋ, ਜਿਹਨਾਂ ਨੇ ਪੇਕੇ ਰਹਿਣਾ ਵੇ,
ਮੈਂ ਜਿਗਰਾ ਕੀਤਾ ਜਿਗਰਾ ਕੀਤਾ, ਵਹਿਮੀਆਂ ਢੋਲਾ
ਮੈਂ ਹਾਰ ਕਰਾਇਆ ਏਥੇ ਨੀ, ਤੂੰ ਪਹਿਨਣ ਵਾਲੀ ਪੇਕੇ ਨੀ,
ਦੱਸ ਕੀਹਦੇ ਪਾਵਾਂ, ਕੀਹਦੇ ਪਾਵਾਂ ਸੋਹਣੀਏ ਹੀਰੇ
ਪਹਿਨੇ ਤੇਰੀ ਮਾਤਾ ਵੇ, ਜੀਹਦੇ ਤਾਹਨਿਆਂ ਚੰਦ ਚੜ੍ਹਾਤਾ ਵੇ।
ਮੈਂ ਜਿਗਰਾ ਕੀਤਾ, ਜਿਗਰਾ ਕੀਤਾ ਵਹਿਮੀਆਂ ਢੋਲਾ
ਤੂੰ ਸਹੁਰੀ ਵਸਦੀ ਨਾਰੇ ਨੀ, ਕਿਉਂ ਪੇਕੇ ਗਈ ਮੁਟਿਆਰੇ ਨੀ,
ਤੂੰ ਜਿਗਰਾ ਰੱਖਦੀ ਜਿਗਰਾ ਰੱਖਦੀ ਸੋਹਣੀਏ ਹੀਰੇ
ਮੈਂ ਜਿਗਰਾ ਕੀਤਾ ਬਥੇਰਾ ਵੇ ਤੂੰ ਮੁੜ ਨਾ ਪਾਇਆ ਫੇਰਾ ਵੇ,
ਮੈਂ ਡੁੱਲ ਖੜੋਤੀ ਡੁੱਲ ਖੜੋਤੀ, ਵਹਿਮੀਆਂ ਢੋਲਾ
ਤੂੰ ਜਿਗਰਾ ਕੀਤਾ ਬਥੇਰਾ ਨੀ, ਮੈਂ ਪਾਉਂ ਛੇਤੀ ਫੇਰਾ ਨੀ,
ਮੈਂ ਹਾਰ ਖੜੋਤਾ ਹਾਰ ਖੜੋਤਾ ਸੋਹਣੀਏ ਹੀਰੇ।

11

ਕਿੱਥੇ ਤਾਂ ਬੀਜਿਆ ਤੇਰਾ ਬਾਜਰਾ ਮਾਂ ਦਿਆ ਕਾਹਨ ਚੰਦਾ ਵੇ,
ਕਿੱਥੇ ਤਾਂ ਬੀਜੀ ਵੇ ਜਵਾਰ, ਦਿਲਾਂ ਦੇ ਵਿੱਚ ਵਸ ਰਹੀਏ।
ਉੱਚੇ ਤਾਂ ਬੀਜਿਆ ਮੇਰਾ ਬਾਜਰਾ, ਨਾਜੋ ਰਾਣੀਏ ਨੀ,
ਨੀਵੇਂ ਤਾਂ ਬੀਜੀ ਐ ਜਵਾਰ, ਦਿਲਾਂ ਦੇ ਵਿੱਚ ਵਸ ਰਹੀਏ।
ਕਿੱਡਾ ਕਿੱਡਾ ਹੋਇਆ ਤੇਰਾ ਬਾਜਰਾ, ਮਾਂ ਦਿਆ ਕਾਹਨ ਚੰਦਾ ਵੇ,
ਕਿੱਡੀ ਕੁ ਹੋਈ ਵੇ ਜਵਾਰ, ਦਿਲਾਂ ਦੇ ਵਿੱਚ ਵਸ ਰਹੀਏ।
ਗਿੱਠ ਗਿੱਠ ਹੋਇਆ ਮੇਰਾ ਬਾਜਰਾ, ਨਾਜੋ ਰਾਣੀਏ ਨੀ,
ਗੋਡੇ ਗੋਡੇ ਹੋਈ ਨੀ ਜਵਾਰ, ਦਿਲਾਂ ਦੇ ਵਿੱਚ ਵਸ ਰਹੀਏ।

26