ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਲੋ ਚਲੋ ਜੀ, ਧਰਤੀ ਪੈਰੀਂ ਝਾਂਜਰ ਪਾਈਏ, ਨੱਚੀਏ ਗਾਈਏ।
ਸੂਰਜ ਟਿੱਕਾ, ਚੰਨ ਦੀ ਦਾਉਣੀ, ਤਾਰਿਆਂ ਰਾਣੀ ਹਾਰ ਬਣਾਈਏ।

ਅੱਗੇ ਤੁਰੀਏ, ਤੇਜ਼ ਤਰਾਰੀ, ਜ਼ਿੰਦਗੀ ਨੂੰ ਉਪਰਾਮ ਨਾ ਕਰੀਏ,
ਪੌਣਾਂ ਤੇ ਅਸਵਾਰ ਮੁਸਾਫ਼ਰ ਵਾਂਗੂੰ ਰਹਿੰਦਾ ਸਫ਼ਰ ਮੁਕਾਈਏ।

ਫੁੱਲ ਕਲੀਆਂ ਵਿਚ ਘੁਲ ਮਿਲ ਜਾਈਏ, ਪਹਿਲੋਂ ਅਪਣੇ ਨਕਸ਼ ਮਿਟਾਈਏ,
ਸ਼ਾਮ ਸਵੇਰੇ ਖੁਸ਼ਬੂ ਚੁੰਮੀਏ, ਰੰਗਾਂ ਨੂੰ ਗਲਵੱਕੜੀ ਪਾਈਏ।

ਆ ਜਾ ਮੇਰੀ ਮਹਿਰਮ ਬਣ ਜਾ, ਪੌੜੀ ਪੌੜੀ ਦਿਲ ਵਿਚ ਲਹਿ ਜਾ,
ਕੁੰਜ ਲੈ ਮੇਰੇ ਖਿੱਲਰੇ ਫੰਬੇ, ਨੀ ਰਿਸ਼ਤੇ ਦੀ ਪੂਣ ਸਲਾਈਏ।

ਦਰ ਦੀਵਾਰ ਨਿਖੇੜਨਹਾਰੇ, ਤੈਨੂੰ ਮੈਨੂੰ, ਸਭਨਾਂ ਨੂੰ ਹੀ,
ਰੂਹ ਦਰਵਾਜ਼ੇ ਖੁੱਲੇ ਰੱਖੀਏ, ਜਦ ਚਿੱਤ ਚਾਹੇ ਆਈਏ ਜਾਈਏ।

ਸਾਹਾਂ ਨਾਲ ਕਰਿੰਘੜੀ ਪਾ ਲੈ, ਮੈਨੂੰ ਵੀ ਤੂੰ ਨਾਲ ਰਲਾ ਲੈ,
ਮੈਂ ਵੀ ਦਿਲ ਦਰਿਆ ਤਰਨਾ ਹੈ, ਤੇਰੇ ਅੰਗ ਸੰਗ ਨੀ ਮੁਰਗਾਈਏ।

ਜੇ ਨਾ ਮਨ ਪਰਦੇਸੀ ਹੋਵੇ, ਕੋਈ ਵੀ ਥਾਂ ਪਰਦੇਸ ਨਹੀਂ ਹੁੰਦਾ,
ਆਪ ਸਮਝੀਏ ਪਹਿਲਾਂ ਏਦਾਂ, ਮਗਰੋਂ ਦੁਨੀਆਂ ਨੂੰ ਸਮਝਾਈਏ।

ਮਿਰਗਾਵਲੀ-36