ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨ ਵਿਚਾਲੇ ਤੂੰ ਭਲਾ ਕਿੱਦਾਂ ਦੀ ਵਾਹੀ ਲੀਕ ਹੈ।
ਠੀਕ ਨੂੰ ਵੀ ਗਲਤ ਮੰਨੇ, ਗਲਤ ਆਖੇਂ ਠੀਕ ਹੈ।

ਤੇਰਿਆਂ ਹੋਠਾਂ ਦੀ ਥਿਰਕਣ, ਬੇਬਸੀ ਏਨੀ ਕਿ ਬੱਸ,
ਬਾਹਰ ਆਉਣੋਂ ਸਹਿਕਦੀ ਹੈ, ਦਿਲ 'ਚ ਗੁੰਗੀ ਚੀਕ ਹੈ।

ਜ਼ਿੰਦਗੀ ਦੇ ਬੇ-ਮਜ਼ਾ ਹੈ, ਜਾਣ ਲੈ ਤੂੰ ਇਸ ਤਰ੍ਹਾਂ,
ਖੌਲ ਵਿਚ ਬੰਦ ਹੋ ਰਿਹਾਂ ਇਹ ਓਸ ਦੀ ਤਸਦੀਕ ਹੈ।

ਮੇਰੀ ਰੂਹ ਦੀ ਵੇਦਨਾ ਤੇ ਜਜ਼ਬਿਆਂ ਦੀ ਸੁਰਖ਼ ਲਾਟ,
ਤੂੰ ਕਿਵੇਂ ਸਮਝਾਂਗਾ ਤੇਰੇ ਕੋਲ ਬੱਸ ਤਕਨੀਕ ਹੈ।

ਇਹ ਪੁਰਾਣੇ ਬੋਹਲ ਪਿੱਪਲ, ਵਰਕ ਨੇ ਇਤਿਹਾਸ ਦੇ,
ਜਾਣਦੇ ਕਿਹੜਾ ਪਰਿੰਦਾ, ਪਿੰਡ ਦਾ ਵਸਨੀਕ ਹੈ।

ਜਿਉਂ ਸਰੋਵਰ ਵਿਚ ਤਰ ਕੇ ਸੁੱਕੀਆਂ ਮੁਰਗਾਬੀਆਂ,
ਸ਼ਬਦ ਰੰਗਣ ਤੋਂ ਵਿਹੂਣਾ, ਕਿਉਂ ਭਲਾ ਭਜਨੀਕ ਹੈ?

ਜ਼ਹਿਰ ਦਾ ਕਚਕੌਲ ਖ਼ਾਲੀ ਕਰ ਦਿਆਂਗਾ ਠਹਿਰ ਜਾ,
ਵੇਖਦੀ ਰਹਿ ਐ ਹਯਾਤੀ ਹਾਲੇ ਪਹਿਲੀ ਡੀਕ ਹੈ।

ਮਿਰਗਾਵਲੀ-37