ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਿੰਦਗੀ ਕੀਤਾ ਤੂੰ ਮੈਨੂੰ, ਸੱਚ ਦੇ ਅੱਜ ਰੂਬਰੂ।
ਹੱਕ ਤੇਰੇ ਤੇ ਗੁਆਚਾ, ਹੋ ਗਿਆ ਹਾਂ ਸੁਰਖ਼ੁਰੁ।

ਨਜ਼ਰ ਭਰ ਨਾ ਵੇਖਿਆ ਤੂੰ, ਨਾ ਮੁਹੱਬਤ ਨਾ ਖਲੂਸ,
ਇਸ ਤਰ੍ਹਾਂ ਹੋਇਆ ਨਹੀਂ ਸੀ, ਮੈਂ ਕਦੇ ਬੇਆਬਰੂ।

ਤੂੰ ਹਿਮਾਲਾ ਹੋਣ ਦਾ ਜੇ ਮਾਣ ਕਰਦੀ, ਫੇਰ ਸੁਣ,
ਮੈਂ ਤੇਰੀ ਟੀਸੀ ਤੋਂ ਹੇਠਾਂ, ਕਰ ਲਿਆ ਤੁਰਨਾ ਸ਼ੁਰੂ।

ਜਿਸ ਤਰ੍ਹਾਂ ਸਾਇਆ ਮੇਰਾ, ਅੱਜ ਕਹਿ ਗਿਆ ਏ ਅਲਵਿਦਾ,
ਨਾ ਵਿਖਾਈਂ ਖ਼ੂਨ ਦਾ ਰੰਗ, ਇਸ ਤਰ੍ਹਾਂ ਚਿੱਟਾ ਗੁਰੂ।

ਅੰਨ੍ਹੀਆਂ ਗਲੀਆਂ ਦੇ ਵਾਂਗੂੰ, ਅੰਤ ਨਾ ਕੋਈ ਪੜਾਅ,
ਏਸ ਮੰਜ਼ਿਲ ਵੱਲ ਦੱਸ ਤੂੰ, ਕਮਲਿਆ ਕਿਹੜਾ ਤੁਰੂ।

ਹਮਸਫ਼ਰ ਰਹਿਣਾ ਤੂੰ ਮੇਰੀ, ਆਸ ਦੀ ਕੰਨੀ ਦੇ ਵਾਂਗ,
ਜਿਸਮ ਤਾਂ ਮਿੱਟੀ ਹੈ ਆਖ਼ਰ, ਅੱਜ ਨਹੀਂ ਤਾਂ ਕੱਲ੍ਹ ਭੁਰੂ।

ਤੂੰ ਮੇਰੇ ਸਾਹਾਂ 'ਚ ਘੁਲ ਜਾ, ਮਹਿਕਦੀ ਜੀਕੂੰ ਰਵੇਲ,
ਹੌਕਿਆਂ ਦੇ ਨਾਲ ਜਿੱਦਾਂ, ਆਖ ਦੇਈਏ ਵਾਹਿਗੁਰੂ।

ਮਿਰਗਾਵਲੀ-38