ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਹਿਸ਼ਤ ਦਾ ਕੋਈ ਧਰਮ ਨਾ ਹੁੰਦਾ, ਇਹ ਤਾਂ ਨ੍ਹੇਰਾ ਗਰਦੀ।
ਗ਼ਾਜ਼ੀ ਬਣ ਕੇ ਲੋਕ ਕਰਨ ਜਾਂ ਕਰਦੀ ਸ਼ਾਹੀ ਵਰਦੀ।

ਬਾਬਰ ਵੇਲੇ ਤੋਂ ਅੱਜ ਤੀਕਰ, ਸਰਬ ਸਮੇਂ ਨੇ ਤੱਕਿਆ,
ਕੁਰਸੀ ਦੀ ਰਖਵਾਲੀ ਖ਼ਾਤਰ, ਕਲਗੀ ਕੀਹ ਕੁਝ ਕਰਦੀ।

ਹਾਲ਼ੀ ਬਲਦਾਂ ਦੇ ਮੂੰਹ ਛਿੱਕਲੀ, ਅਦਲ ਸਮੇਂ ਦਾ ਵੇਖੋ,
ਰਾਜੇ ਦੀ ਘੋੜੀ ਮੈਂ ਤੱਕਿਆ, ਸਦਾ ਅੰਗੂਰੀ ਚਰਦੀ।

ਖੁੱਸ ਗਏ ਧਰਤੀ ਅੰਬਰ ਦੋਵੇਂ, ਤੜਫ਼ ਰਹੀ ਲੋਕਾਈ,
ਚੌਂਕ ਚੁਰਸਤੇ ਵਿੱਚ ਆ ਬੈਠੀ, ਮਰਦੀ ਕੀਹ ਨਾ ਕਰਦੀ।

ਗੂੰਗਾ ਹੈ ਅਸਮਾਨ ਤੇ ਬੋਲ਼ੀ ਧਰਤੀ ਕਿੱਧਰ ਜਾਈਏ,
ਹਾੜ੍ਹ ਸਿਆਲ ਚਿਖ਼ਾ ਵਿਚ ਚਿਣਦੇ, ਕੀਹ ਗਰਮੀ ਕੀਹ ਸਰਦੀ।

ਕੁੱਟਿਆਂ ਤੇ ਇਹ ਭੁਰਦੀ ਨਹੀਂਓਂ, ਨਾ ਵਾਛੜ ਵਿਚ ਖ਼ੋਰਾ,
ਜਿਸ ਮਿੱਟੀ ਵਿਚ ਗੈਰਤ ਹੋਵੇ, ਕਿਣਕਾ ਵੀ ਨਹੀਂ ਮਰਦੀ।

ਹੋਵੀ ਨਾ ਉਪਰਾਮ ਕਦੇ ਵੀ ਨੀ ਉਮਰਾ ਦੀ ਸੂਈਏ,
ਰੁਕ ਨਾ ਜਾਵੀਂ ਵੇਖ ਚੜ੍ਹਾਈਆਂ, ਰਹੀਂ ਤੂੰ ਟਿਕ ਟਿਕ ਕਰਦੀ।

ਮਿਰਗਾਵਲੀ-40