ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨਜੀਤ ਤੇ ਇਕਬਾਲ ਮਾਹਲ ਦੇ ਨਾਂ

ਰੂਹ ਦੀ ਤੂੰਬੀ ਖ਼ੁਦ ਟੁਣਕਾਉਣੀ ਪੈਂਦੀ ਹੈ।
ਆਪਣੇ ਮਨ ਦੀ ਤਾਰ ਹਿਲਾਉਣੀ ਪੈਂਦੀ ਹੈ।

ਸਾਰਾ ਦਿਨ ਤਲਵਾਰ-ਧਾਰ ਤੇ ਤੁਰ ਤੁਰ ਕੇ,
ਰਾਤਾਂ ਵਾਲੀ ਨੀਂਦ ਕਮਾਉਣੀ ਪੈਂਦੀ ਹੈ।

ਦਿਲ ਤੋਂ ਭਾਰ ਉਤਾਰਨ ਖ਼ਾਤਰ ਹਮਸਫ਼ਰੋ,
ਕੰਧਾਂ ਨੂੰ ਵੀ ਬਾਤ ਸੁਣਾਉਣੀ ਪੈਂਦੀ ਹੈ।

ਚੰਦ ਸਿਤਾਰੇ ਤੋੜਨ ਖਾਤਰ ਅੰਬਰ 'ਤੋਂ,
ਸੁਪਨੇ ਵਰਗੀ ਪੌੜੀ ਲਾਉਣੀ ਪੈਂਦੀ ਹੈ।

ਕੱਲਮ-ਮ-ਕੱਲ੍ਹੇ ਸਿਖ਼ਰ ਸਵਾਰਾ ਭੁੱਲੀਂ ਨਾ,
ਆਪੇ ਆਪਣੀ ਘੋੜੀ ਗਾਉਣੀ ਪੈਂਦੀ ਹੈ।

ਅੰਦਰੋਂ ਕੂਚਣ ਖਾਤਰ ਕੂੜ-ਕਬਾੜੇ ਨੂੰ,
ਮਨ ਮੰਦਰ ਵਿਚ ਝਾਤੀ ਪਾਉਣੀ ਪੈਂਦੀ ਹੈ।

ਸਿਰਦਾਰੀ ਨੂੰ ਲੈਣ ਲਈ ਗੁਰਭਜਨ ਸਿਹਾਂ,
ਪਹਿਲਾਂ ਸਿਰ ਦੀ ਬਾਜ਼ੀ ਲਾਉਣੀ ਪੈਂਦੀ ਹੈ।

ਮਿਰਗਾਵਲੀ-41