ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਲੋ ਤੁਰੀਏ ਕਿ ਮੰਜ਼ਿਲ ਦੂਰ ਭਾਵੇਂ।
ਬੜਾ ਚਿਰ ਬਹਿ ਲਿਆ ਰੱਖਾਂ ਦੀ ਛਾਵੇਂ।

ਚਲੋ ਕਿ ਸ਼ਬਦ ਜੁੜੀਏ, ਅਰਥ ਬਣੀਏ,
ਗੁਆਚੇ ਫਿਰਨ ਕਿਉਂ ਅੱਖਰ ਭੁਲਾਵੇਂ।

ਸਿਖਾਵੇ ਕੌਣ ਤੈਨੂੰ ਹੁਕਮਰਾਨੀ,
ਜਦੋਂ ਕੁਰਸੀ ਦੇ ਨੇੜੇ ਪਹੁੰਚ ਜਾਵੇਂ।

ਤੂੰ ਉੱਡਣਹਾਰਿਆ ਭੁੱਲੀਂ ਕਦੇ ਨਾਂਹ,
ਹਮੇਸ਼ਾਂ ਧਰਤ ਰੱਖੇ ਅਸਲ ਥਾਵੇਂ।

ਇਹ ਤੇਰਾ ਵਿੱਤ ਪਰਖ਼ਣ ਵਾਸਤੇ ਹੈ,
ਮਿਲੇ ਜੋ ਹੁਸਨ, ਤਾਕਤ, ਨਾਂ ਤੇ ਨਾਵੇਂ।

ਹਮੇਸ਼ਾਂ ਲੋਕ ਨੇ ਭਰਦੇ ਹੁੰਗਾਰਾ,
ਜਦੋਂ ਵੀ ਚੋਟ ਤੂੰ ਡੰਕੇ ਦੀ ਲਾਵੇ।

ਹਕੂਮਤ ਪਾਸ ਜੇ ਤੋਪਾਂ ਬੰਦੂਕਾਂ,
ਖਲੋਂਦੇ ਸੂਰਮੇ ਹੀ ਇਨ੍ਹਾਂ ਸਾਹਵੇਂ।

ਮਿਰਗਾਵਲੀ-42