ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਲੇ ਕਾਫ਼ਰ ਪਹਿਨ ਰਹੇ ਨੇ ਧੋਬੀ ਧੋਤੇ ਚਿੱਟੇ ਬਾਣੇ।
ਅਕਲਾਂ ਤੇ ਵੀ ਕਾਬਜ਼ ਓਹੀ, ਜਿੰਨ੍ਹਾਂ ਦੀ ਕੋਠੀ ਵਿਚ ਦਾਣੇ।

ਬਾਬੇ ਨਾਨਕ ਠੀਕ ਕਿਹਾ ਸੀ, ਜ਼ੋਰੀਂ ਦਾਨ ਮੰਗਦਿਆਂ ਬਾਰੇ,
ਰਾਜੇ ਸੀਂਹ ਮੁਕੱਦਮ ਕੁੱਤੇ, ਕਦ ਸੁਧਰਨਗੇ ਜ਼ਰ-ਜਰਵਾਣੇ।

ਇਕ ਇਕ ਪਲ ਹੈ ਮੌਤ ਬਰਾਬਰ, ਲੀਰੋ ਲੀਰ ਦਿਵਸ ਤੇ ਰਾਤਾਂ,
ਤਕੜੇ ਹੋਰ ਵੀ ਤਾਕਤਵਰ ਤੇ ਲਿੱਸੇ ਹੋ ਗਏ ਹੋਰ ਨਿਤਾਣੇ।

ਮੰਦਿਰ ਮਸਜਿਦ ਗੁਰੂਘਰ ਸਾਰੇ, ਇਹ ਕੀ ਸੌਦਾ ਵੇਚ ਰਹੇ ਨੇ,
ਕੁਫ਼ਰ ਵੇਖ ਕੇ ਆਖੀ ਜਾਵਣ, ਉਸ ਦਾਤੇ ਦੀਆਂ ਓਹੀ ਜਾਣੇ।

ਸਾਡੀ ਧਰਤੀ ਡੋਲ ਗਈ ਹੈ, ਲਗਰਾਂ ਪੱਤ ਹਵਾ ਨੇ ਝੰਬੇ,
ਉੱਖੜੇ ਆਸ ਉਮੀਦ ਦੇ ਬੂਟੇ, ਫ਼ਿਕਰਾਂ ਅੰਬਰ ਤੰਬੂ ਤਾਣੇ।

ਜ਼ੋਰ ਜਬਰ ਨੂੰ ਸਹਿੰਦੇ ਸਹਿੰਦੇ, ਬਹੁਤ ਗੁਜ਼ਾਰੀ ਉਮਰਾ ਬਾਬਾ,
ਹੁਣ ਦੱਸ ਹੋਰ ਕਿਵੇਂ ਇਹ ਜਰੀਏ, ਤੇਰੀ ਆਸ ਤੇ ਰੱਬ ਦੇ ਭਾਣੇ।

ਕੁਰਸੀ ਵੱਲ ਨੂੰ ਅਹੁਲ ਰਿਹਾ ਏ, ਹਰ ਘੋੜੀ ਦੇ ਮਗਰ ਵਛੇਰਾ,
ਆਜ਼ਾਦੀ ਤੇ ਕਾਬਜ਼ ਹੁਣ ਵੀ, ਟੋਡੀ ਪੁੱਤਰ ਰਾਜੇ ਰਾਣੇ।

ਮਿਰਗਾਵਲੀ-44