ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋ ਹਾਲੇ ਚੁੱਪ ਨੇ, ਇਹ ਵੀ ਜ਼ਬਾਨ ਰੱਖਦੇ ਨੇ।
ਇਕੱਲੇ ਤੀਰ ਨਹੀਂ, ਤਰਕਸ਼ ਕਮਾਨ ਰੱਖਦੇ ਨੇ।

ਉਦੋਂ ਸਰਹੰਦ ਨੂੰ ਵੀ ਕੁਝ ਕੁ ਪਲ ਤਹਿ-ਤੰਗ ਕਰਦੇ,
ਸਤਾਏ ਲੋਕ ਜਦ ਖਿੱਚ ਕੇ ਮਿਆਨ ਰੱਖਦੇ ਨੇ।

ਉਨ੍ਹਾਂ ਨੂੰ ਮਿਹਰਬਾਨਾਂ ਵਿਚ ਕਿਉਂ ਸ਼ੁਮਾਰ ਕਰਾਂ,
ਜੋ ਖ੍ਵਾਬ ਨੋਚਦੇ, ਮੁੱਠੀ 'ਚ ਜਾਨ ਰੱਖਦੇ ਨੇ।

ਜ਼ਮੀਰ ਆਪਣੀ ਰੱਖਦੇ ਨੇ ਰਹਿਣ ਕੁਰਸੀ ਲਈ,
ਪਤਾ ਨਹੀਂ ਜਿਸਮ ਕਿੰਝ ਫੋਕੀ ਇਹ ਸ਼ਾਨ ਰੱਖਦੇ ਨੇ।

ਨਾ ਹੇਠ ਧਰਤ ਸਾਡੇ, ਗਾਇਬ ਸਿਰ ਤੋਂ ਅੰਬਰ ਹੈ,
ਕਿ ਹਾਕਮ ਵੇਖ ਲਉ ਕਿੰਨਾ ਧਿਆਨ ਰੱਖਦੇ ਨੇ।

ਸ਼ਿਕਾਰੀ ਜਾਲ ਲਾ ਕੇ ਚੋਗ ਪਾ ਭਰਮਾ ਰਿਹਾ ਏ,
ਪਰਿੰਦੇ ਚਾਲ ਦਾ ਕਿੰਨਾ ਗਿਆਨ ਰੱਖਦੇ ਨੇ।

ਕਿਵੇਂ ਹੈ ਰੌਸ਼ਨੀ ਦਿਲਕਸ਼ ਤੇ ਜਗਮਗ ਮੈਖ਼ਾਨੇ,
ਸਜਾ ਕੇ ਜ਼ਹਿਰ ਦੀ ਕਿੱਦਾਂ ਦੁਕਾਨ ਰੱਖਦੇ ਨੇ।

ਮਿਰਗਾਵਲੀ-45