ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਥਿਰ ਹੋ ਕੇ ਉਸਦੇ ਹੋਠਾਂ 'ਤੇ ਆ ਟਿਕੀਆਂ ਸਨ। ਇਹ ਆਪਣੇ ਆਪ ਨੂੰ ਤਾਕਤ ਦਿੰਦੇ ਰਹਿਣ ਦਾ ਉਸਦਾ ਤਰੀਕਾ ਸੀ, ਤਾਂ ਕਿ ਉਹ ਜੋ ਵੀ ਬੋਲੇਗਾ ਉਸਦੀ ਕਾਟ ਉਸਦੇ ਕੋਲ ਮੌਜੂਦ ਹੋਵੇ।

"ਸਾਫ਼ ਹੈ ਕਿ ਫ਼ਰਾਉਲਨ ਬਸਤਰ ਮੇਰੇ ਨਾਲ ਵਿਅਕਤੀਗਤ ਤੌਰ 'ਤੇ ਮਿਲਣਾ ਨਹੀਂ ਚਾਹੁੰਦੀ, ਜਿਸਦੀ ਮੈਂ ਬੇਨਤੀ ਕੀਤੀ ਸੀ।"

"ਅਜਿਹਾ ਹੀ ਹੈ, ਫ਼ਰਾਉਲਨ ਮੌਂਤੇਗ ਨੇ ਕਿਹਾ, "ਜਾਂ ਇੱਕ ਦਮ ਅਜਿਹਾ ਨਹੀਂ ਹੈ, ਤੁਸੀਂ ਹੀ ਇਸਨੂੰ ਹੈਰਾਨੀਜਨਕ ਕਠੋਰਤਾ ਨਾਲ ਪੇਸ਼ ਕਰ ਰਹੇ ਹੋ। ਆਮ ਤੌਰ 'ਤੇ ਕੋਈ ਵੀ ਵਿਅਕਤੀ ਜਾਂ ਤਾਂ ਸਾਹਮਣੇ ਆਉਂਦਾ ਹੀ ਨਹੀਂ ਜਾਂ ਫ਼ਿਰ ਇੱਕ ਦਮ ਸਾਹਮਣੇ ਆ ਜਾਂਦਾ ਹੈ। ਪਰ ਇਹ ਹੋ ਸਕਦਾ ਹੈ ਕਿ ਕੋਈ ਮੁਲਾਕਾਤਾਂ ਨੂੰ ਅਰਥਹੀਣ ਸਮਝੇ ਅਤੇ ਇੱਥੇ ਇਹੀ ਸੱਚਾਈ ਹੈ। ਹੁਣ, ਤੁਹਾਡੀ ਟਿੱਪਣੀ ਦੇ ਬਾਰੇ 'ਚ, ਮੈਨੂੰ ਲੱਗਦਾ ਹੈ ਕਿ, ਖੁੱਲ੍ਹੇ ਤੌਰ 'ਤੇ ਬੋਲਣ ਦੀ ਆਜ਼ਾਦੀ ਹੈ। ਤੁਸੀਂ ਮੇਰੀ ਦੋਸਤ ਨੂੰ ਬੇਨਤੀ ਕੀਤੀ ਸੀ, ਲਿਖ ਕੇ ਜਾਂ ਬੋਲ ਕੇ ਹੀ ਸਹੀ, ਕਿ ਤੁਹਾਡੇ ਦੋਵਾਂ ਵਿੱਚ ਸੰਵਾਦ ਸੰਭਵ ਹੋਵੇ। ਪਰ ਹੁਣ ਮੇਰੀ ਦੋਸਤ ਜਾਣਦੀ ਹੈ, ਘੱਟ ਤੋਂ ਘੱਟ ਮੈਂ ਅਜਿਹੀ ਕਲਪਨਾ ਕਰ ਪਾ ਰਹੀ ਹਾਂ, ਕਿ ਇਹ ਸੰਵਾਦ ਜਿਹੜੇ ਵਿਸ਼ੇ 'ਤੇ ਹੋਵੇਗਾ, ਅਤੇ ਇਸਦੇ ਫਲਸਰੂਪ ਉਹ ਸੰਤੁਸ਼ਟ ਹੋ ਗਈ, ਕਾਰਨ ਮੈਨੂੰ ਨਹੀਂ ਪਤਾ, ਕਿ ਇਸ ਗੱਲਬਾਤ ਦੇ ਹੋ ਜਾਣ ਨਾਲ ਕਿਸੇ ਵੀ ਧਿਰ ਨੂੰ ਕੋਈ ਫ਼ਾਇਦਾ ਹੋਣ ਵਾਲਾ ਨਹੀਂ ਹੈ। ਇਸਦੇ ਬਿਨਾਂ, ਪਿਛਲੇ ਕੱਲ ਤੱਕ ਉਸਨੇ ਮੈਨੂੰ ਕੁੱਝ ਵੀ ਨਹੀਂ ਦੱਸਿਆ ਸੀ, ਅਤੇ ਫ਼ਿਰ ਅਚਾਨਕ ਐਂਵੇ ਹੀ ਦੱਸ ਦਿੱਤਾ। ਉਸਨੇ ਇਹ ਸੂਚਨਾ ਵੀ ਦਿੱਤੀ ਸੀ ਕਿ ਤੁਸੀਂ ਖ਼ੁਦ ਵੀ ਇਸ ਮਿਲਣੀ ਨੂੰ ਬਹੁਤਾ ਪਸੰਦ ਕਰਨ ਵਾਲੇ ਨਹੀਂ, ਕਿਉਂਕਿ ਉਸਦੇ ਅਨੁਸਾਰ ਤੁਹਾਨੂੰ ਵੀ ਇਹ ਵਿਚਾਰ ਰੜਕਿਆ ਹੈ ਅਤੇ ਉਸਦਾ ਮੰਨਣਾ ਹੈ ਕਿ ਕਿਸੇ ਵਿਸ਼ੇਸ਼ ਸਫ਼ਾਈ ਦੇ ਬਿਨ੍ਹਾਂ ਵੀ ਤੁਸੀਂ ਇਸ ਸਾਰੀ ਚੀਜ਼ ਦੀ ਬੇਅਰਥੀ ਨੂੰ ਮਹਿਸੂਸ ਕਰ ਲਵੋਗੇ। ਜੇ ਇਸ ਸਮੇਂ ਨਾ ਵੀ ਸਹੀ, ਤਾਂ ਵੀ ਇਹ ਤੁਹਾਨੂੰ ਛੇਤੀ ਹੀ ਪਤਾ ਲੱਗ ਜਾਵੇਗਾ। ਮੈਂ ਇਹ ਕੰਮ ਕਰਨ ਲਈ ਖ਼ੁਦ ਨੂੰ ਪੇਸ਼ ਕੀਤਾ, ਅਤੇ ਥੋੜ੍ਹੀ ਜਿਹੀ ਨਾ-ਨੁੱਕਰ ਕਰਨ ਪਿੱਛੋਂ ਮੇਰੀ ਦੋਸਤ ਲਾਜਵਾਬ ਹੋ ਕੇ ਮੰਨ ਗਈ। ਮੈਨੂੰ ਉਮੀਦ ਹੈ ਕਿ ਇਹ ਕੰਮ ਮੈਂ ਤੁਹਾਡੇ ਹਿਤ ਵਿੱਚ ਹੀ ਕੀਤਾ ਹੈ, ਫੇਰ ਵੀ, ਕਿਸੇ ਵੀ ਗੈਰ ਮਹੱਤਵਪੂਰਨ ਕੰਮ ਵਿੱਚ ਰੱਤੀ ਭਰ ਦੁਬਿਧਾ ਵੀ ਹਾਨੀਕਾਰਕ ਹੋ ਸਕਦੀ ਹੈ, ਅਤੇ ਜੇ, ਜਿਵੇਂ ਕਿ ਇਸੇ ਸਾਰੇ ਮਾਮਲੇ ਵਿੱਚ ਹੈ, ਇਹ ਆਰਾਮ ਨਾਲ ਖ਼ਤਮ ਕੀਤਾ ਜਾ ਸਕਦਾ ਹੈ, ਅਤੇ ਜਿੰਨੀ ਵੀ ਛੇਤੀ ਇਹ ਸੰਭਵ ਹੋਵੇ ਉਨਾ ਹੀ ਚੰਗਾ ਹੈ।"

107 ।। ਮੁਕੱਦਮਾ