ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਗਿਆਕਾਰੀ ਭਾਵ ਨਾਲ ਕਿਹਾ, "ਤੂੰ ਸ਼ਾਇਦ ਮੇਰੇ ਮੁਕੱਦਮੇ ਦੇ ਬਾਰੇ ਵਿੱਚ ਕੁੱਝ ਸੁਣਕੇ ਆਇਆ ਏਂ।"

"ਉਹੀ ਤਾਂ," ਉਸਦੇ ਚਾਚੇ ਨੇ ਹੌਲੀ ਜਿਹੇ ਸਿਰ ਹਿਲਾਉਂਦੇ ਹੋਏ ਜਵਾਬ ਦਿੱਤਾ, "ਮੈਂ ਤੇਰੇ ਮੁਕੱਦਮੇ ਦੇ ਬਾਰੇ ਵਿੱਚ ਹੀ ਸੁਣਕੇ ਆ ਰਿਹਾ ਹਾਂ।"

"ਤੂੰ ਇਹ ਸਭ ਕਿਸ ਤੋਂ ਸੁਣਿਆ ਹੈ?"

"ਇਰਨਾ ਨੇ ਮੈਨੂੰ ਇਸ ਬਾਰੇ 'ਚ ਦੱਸਿਆ ਸੀ। ਉਹ ਤੇਰੇ ਬਾਰੇ ਬਹੁਤਾ ਨਹੀਂ ਜਾਣਦੀ ਅਤੇ ਬਦਕਿਸਮਤੀ ਨਾਲ, ਮੈਂ ਜਾਣਦਾ ਹਾਂ ਕਿ ਤੂੰ ਉਹਨੂੰ ਘਾਹ ਨਹੀਂ ਪਾਉਂਦਾ, ਫ਼ਿਰ ਵੀ ਉਸਨੇ ਇਸ ਬਾਰੇ 'ਚ ਸੁਣ ਰੱਖਿਆ ਹੈ। ਅੱਜ ਹੀ ਉਸਦਾ ਖ਼ਤ ਮੈਨੂੰ ਮਿਲਿਆ ਅਤੇ ਕੁਦਰਤੀ ਤੌਰ 'ਤੇ ਮੈਂ ਸਿੱਧਾ ਇੱਥੇ ਚਲਿਆ ਆਇਆ। ਇਸਦੇ ਬਿਨ੍ਹਾਂ ਮੇਰਾ ਇੱਧਰ ਆਉਣ ਦਾ ਹੋਰ ਕੋਈ ਕਾਰਨ ਨਹੀਂ ਸੀ, ਪਰ ਇਹੀ ਆਪਣੇ ਆਪ ਵਿੱਚ ਕਾਫ਼ੀ ਹੈ। ਮੈਂ ਖ਼ਤ ਦੇ ਉਸ ਹਿੱਸੇ ਨੂੰ ਪੜ੍ਹਕੇ ਸੁਣਾਉਂਦਾ ਹਾਂ, ਜਿਸਦਾ ਸਬੰਧ ਤੇਰੇ ਨਾਲ ਹੈ।" ਆਪਣੇ ਬਟੂਏ ‘ਚੋਂ ਚਿੱਠੀ ਕੱਢ ਕੇ ਉਸਨੇ ਕਿਹਾ, "ਇਹ ਰਿਹਾ, ਉਹ ਲਿਖਦੀ ਹੈ-

ਮੈਂ ਲੰਮੇ ਅਰਸੇ ਤੋਂ ਜੋਸਫ਼ ਨੂੰ ਨਹੀਂ ਮਿਲ ਸਕੀ ਹਾਂ। ਪਿਛਲੇ ਹਫ਼ਤੇ ਮੈਂ ਬੈਂਕ ਵਿੱਚ ਗਈ ਸੀ ਪਰ ਜੋਸਫ਼ ਇੰਨਾ ਰੁੱਝਿਆ ਹੋਇਆ ਸੀ ਕਿ ਮੈਂ ਅੰਦਰ ਨਹੀਂ ਜਾ ਸਕੀ। ਮੈਂ ਲਗਭਗ ਇੱਕ ਘੰਟੇ ਤੱਕ ਉਸਦਾ ਇੰਤਜ਼ਾਰ ਕੀਤਾ, ਪਰ ਫ਼ਿਰ ਮੈਨੂੰ ਘਰ ਵਾਪਸ ਆਉਣਾ ਪਿਆ ਕਿਉਂਕਿ ਮੇਰੀ ਪਿਆਨੋ ਦੀ ਕਲਾਸ ਸੀ। ਮੈਂ ਉਸਦੇ ਨਾਲ ਇੱਕ ਵਾਰ ਗੱਲ ਕਰਨਾ ਚਾਹਾਂਗੀ, ਸ਼ਾਇਦ ਛੇਤੀ ਹੀ ਅਜਿਹਾ ਮੌਕਾ ਨਸੀਬ ਹੋਏ। ਮੇਰੇ ਜਨਮਦਿਨ ਤੇ ਉਸਨੇ ਚਾਕਲੇਟ ਦਾ ਵੱਡਾ ਸਾਰਾ ਡੱਬਾ ਭੇਜਿਆ ਸੀ, ਇਹ ਉਸਨੇ ਬਹੁਤ ਬਿਹਤਰ ਅਤੇ ਵਿਚਾਰ ਭਰਿਆ ਕੰਮ ਕੀਤਾ ਸੀ। ਉਸ ਸਮੇਂ ਮੈਂ ਤੁਹਾਨੂੰ ਇਹ ਦੱਸਣਾ ਭੁੱਲ ਗਈ ਸੀ, ਅਤੇ ਜਦੋਂ ਤੁਸੀਂ ਇਹ ਸਭ ਪੁੱਛਿਆ ਤਾਂ ਇੱਕ ਦਮ ਮੈਨੂੰ ਇਸਦਾ ਚੇਤਾ ਆਇਆ। ਮੇਰਾ ਯਕੀਨ ਮੰਨੋ ਸਕੂਲ ਹੋਸਟਲ ਵਿੱਚ ਚਾਕਲੇਟ ਖ਼ਤਮ ਹੋਣ ਵਿੱਚ ਬਹੁਤੀ ਦੇਰ ਨਹੀਂ ਲੱਗਦੀ, ਅਜੇ ਇਹ ਅਹਿਸਾਸ ਵੀ ਨਹੀਂ ਹੋ ਪਾਉਂਦਾ ਕਿ ਕਿਸੇ ਨੇ ਚਾਕਲੇਟ ਦੀ ਸੌਗਾਤ ਦਿੱਤੀ ਹੈ ਕਿ ਉਹ ਖ਼ਤਮ ਹੋ ਚੁੱਕੇ ਹੁੰਦੇ ਹਨ। ਪਰ ਜੋਸਫ਼ ਦੇ ਬਾਰੇ ਵਿੱਚ ਇੱਕ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਜਿਵੇਂ ਕਿ ਮੈਂ ਜ਼ਿਕਰ ਕੀਤਾ ਹੈ ਕਿ ਮੈਂ ਬੈਂਕ ਵਿੱਚ ਉਹਨਾਂ ਨਾਲ ਨਹੀਂ ਮਿਲ ਸਕੀ ਕਿਉਂਕਿ ਉਹ ਇੱਕ ਆਦਮੀ ਨਾਲ ਰੁੱਝਿਆ ਹੋਇਆ ਸੀ। ਜਦੋਂ ਕਾਫ਼ੀ ਦੇਰ ਤੱਕ ਮੈਂ ਉਡੀਕ ਕਰ ਚੁੱਕੀ ਸੀ ਤਾਂ ਮੈਂ ਕਲਰਕ ਤੋਂ ਪੁੱਛਿਆ ਕਿ

123 ।। ਮੁਕੱਦਮਾ