ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਰ ਨਾਲ ਕਿਹਾ - "ਫ਼ਰਾਉਲਨ, ਮਿਹਰਬਾਨੀ ਕਰਕੇ ਸਾਨੂੰ ਕੁੱਝ ਦੇਰ ਲਈ ਇਕੱਲਾ ਛੱਡ ਦੇ, ਮੈਨੂੰ ਆਪਣੇ ਦੋਸਤ ਦੇ ਨਾਲ ਕੁੱਝ ਜ਼ਰੂਰੀ ਨਿੱਜੀ ਕੰਮ ਹੈ।"

ਨਰਸ, ਜਿਹੜੀ ਅਜੇ ਤੱਕ ਬਿਮਾਰ ਆਦਮੀ ਦੇ ਬਿਸਤਰੇ 'ਤੇ ਝੁਕੀ ਹੋਈ ਸੀ ਅਤੇ ਬਿਸਤਰੇ ਦੀ ਚਾਦਰ ਦੇ ਵਲ ਠੀਕ ਕਰ ਰਹੀ ਸੀ, ਨੇ ਆਪਣਾ ਸਿਰ ਹਲਕਾ ਜਿਹਾ ਉਸਦੇ ਵੱਲ ਘੁਮਾਇਆ ਅਤੇ ਬੜੇ ਸ਼ਾਂਤ ਭਾਵ ਨਾਲ, ਜਿਹੜਾ ਕੇ. ਦੇ ਚਾਚੇ ਦੇ ਗੁੱਸੇ ਦੇ ਐਨ ਉਲਟ ਸੀ, ਕਿਹਾ, "ਪਰ ਤੁਸੀਂ ਇਹ ਤਾਂ ਵੇਖੋ ਕਿ ਸ਼੍ਰੀਮਾਨ ਹੁਲਡ ਕਿੰਨੇ ਬਿਮਾਰ ਹਨ ਅਤੇ ਕੋਈ ਵੀ ਕੰਮ ਦੀ ਗੱਲ ਕਰ ਸਕਣ ਤੋਂ ਅਸਮਰੱਥ ਹਨ।"

ਸ਼ਾਇਦ ਇਹ ਕੁਦਰਤੀ ਤੌਰ 'ਤੇ ਰਿਹਾ ਹੋਵੇਗਾ ਕਿ ਉਸਨੇ ਕੇ. ਦੇ ਚਾਚੇ ਦੇ ਸ਼ਬਦਾਂ ਨੂੰ ਦੁਹਰਾ ਦਿੱਤਾ ਸੀ, ਫਿਰ ਵੀ ਕੋਈ ਅਜਿਹਾ ਆਦਮੀ ਜਿਸਦਾ ਇਸ ਨਾਲ ਕੋਈ ਸਬੰਧ ਨਾ ਰਿਹਾ ਹੋਵੇ, ਇਹਨਾਂ ਸ਼ਬਦਾਂ ਨੂੰ ਜ਼ਰੂਰ ਹੀ ਘਿਰਣਾ ਵਜੋਂ ਲੈ ਸਕਦਾ ਸੀ। ਹਾਲਾਂਕਿ ਕੇ. ਦਾ ਚਾਚਾ ਤੰਗ ਹੋਇਆ ਜਿਵੇਂ ਉਸਨੂੰ ਰੱਸੀ ਨਾਲ ਟੰਗ ਦਿੱਤਾ ਗਿਆ ਹੋਵੇ।

"ਤੇਰੀ ਐਸੀ ਦੀ ਤੈਸੀ!" ਉਸਨੇ ਕਿਹਾ, ਉਸਦੇ ਗੁੱਸੇ ਦਾ ਇਹ ਜਵਾਰਭਾਟਾ ਲਗਭਗ ਸਮਝ ਤੋਂ ਬਾਹਰ ਸੀ। ਕੇ. ਸੁਚੇਤ ਹੋ ਗਿਆ, ਹਾਲਾਂਕਿ ਉਸਨੂੰ ਅਜਿਹਾ ਹੀ ਕੁੱਝ ਹੋਣ ਦੀ ਉਮੀਦ ਸੀ, ਅਤੇ ਉਹ ਭੱਜ ਕੇ ਆਪਣੇ ਚਾਚੇ ਦੇ ਕੋਲ ਜਾ ਪਹੁੰਚਿਆ, ਤਾਂ ਕਿ ਦੋਵਾਂ ਹੱਥਾਂ ਨਾਲ ਉਸਦਾ ਮੂੰਹ ਬੰਦ ਕਰ ਸਕੇ। ਪਰ ਚੰਗੀ ਕਿਸਮਤ ਕਿ ਕੁੜੀ ਦੇ ਪਿੱਛੇ ਉਹ ਬਿਮਾਰ ਆਦਮੀ ਉੱਠ ਬੈਠਾ, ਅਤੇ ਕੇ. ਦਾ ਚਾਚਾ ਅਜਿਹੀ ਟੇਢੀ ਨਿਗ੍ਹਾ ਨਾਲ ਵੇਖਦਾ ਰਿਹਾ ਜਿਵੇਂ ਉਹ ਕੋਈ ਬਹੁਤ ਕੌੜੀ ਚੀਜ਼ ਨਿਗਲ ਰਿਹਾ ਹੋਵੇ। ਫ਼ਿਰ ਉਸਨੇ ਬਹੁਤ ਸ਼ਾਂਤ ਅਵਾਜ਼ ਵਿੱਚ ਕਿਹਾ, "ਮੈਂ ਤੈਨੂੰ ਯਕੀਨ ਦਿਵਾਉਂਦਾ ਹਾਂ ਕਿ ਮੈਂ ਆਪਣੇ ਹੋਸ਼ ਇੱਕ ਦਮ ਗੁਆ ਨਹੀਂ ਲਏ ਹਨ। ਜੇ ਮੈਂ ਜੋ ਵੀ ਕੁੱਝ ਪੁੱਛ ਰਿਹਾ ਸੀ ਉਹ ਅਸੰਭਵ ਹੈ, ਤਾਂ ਮੈਂ ਉਹ ਨਹੀਂ ਪੁੱਛਾਂਗਾ। ਕਿਰਪਾ ਕਰਕੇ ਹੁਣ ਚਲੇ ਜਾਓ।"

ਨਰਸ ਬਿਸਤਰੇ ਦੇ ਕੋਲ ਸਿੱਧੀ ਖੜ੍ਹੀ ਹੋਈ ਸੀ, ਅਤੇ ਕੇ. ਦੇ ਵੱਲ ਉਸਦਾ ਚਿਹਰਾ ਸੀ ਅਤੇ ਆਪਣੇ ਇੱਕ ਹੱਥ ਨਾਲ (ਜਾਂ ਫ਼ਿਰ ਕੇ. ਨੂੰ ਇਸ ਤਰ੍ਹਾਂ ਲੱਗਾ) ਵਕੀਲ ਦੇ ਹੱਥ ਨੂੰ ਸਹਿਲਾ ਰਹੀ ਸੀ।

"ਤੁਸੀਂ ਲੋਕ ਲੇਨੀ ਦੇ ਸਾਹਮਣੇ ਕੋਈ ਵੀ ਗੱਲ ਕਰ ਸਕਦੇ ਹੋਂ," ਤਾਂ ਬਿਮਾਰ ਆਦਮੀ ਨੇ ਕਿਹਾ, ਜਿਵੇਂ ਉਹ ਕੋਈ ਬਹੁਤ ਜ਼ਰੂਰੀ ਬੇਨਤੀ ਕਰ ਰਿਹਾ ਹੋਵੇ।

135 ॥ ਮੁਕੱਦਮਾ