ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਬੇਵਕੂਫ਼!" ਉਹ ਬੁੜਬੜਾਇਆ। ਪਰ ਹੁਣ ਉਹ ਕੁਰਸੀ 'ਤੇ ਪਿਆ ਆਪਣਾ ਕੋਟ ਚੁੱਕ ਰਿਹਾ ਸੀ ਅਤੇ ਖਿਣ ਭਰ ਲਈ ਆਪਣੇ ਦੋਵਾਂ ਹੱਥਾਂ 'ਚ ਫੜਕੇ ਖੜਾ ਰਿਹਾ ਜਿਵੇਂ ਵਾਰਡਰਾਂ ਤੋਂ ਇਸਦੀ ਇਜਾਜ਼ਤ ਮੰਗ ਰਿਹਾ ਹੋਵੇ। ਉਹਨਾਂ ਨੇ ਆਪਣੇ-ਆਪਣੇ ਸਿਰ ਹਿਲਾ ਦਿੱਤੇ।

"ਕਾਲਾ ਕੋਟ ਚਾਹੀਦਾ!" ਉਹਨਾਂ ਨੇ ਕਿਹਾ। ਕੇ. ਨੇ ਕੋਟ ਫ਼ਰਸ਼ 'ਤੇ ਮਾਰਿਆ ਅਤੇ ਬੋਲਿਆ ਕਿ ਉਹ ਇਹ ਸਮਝਣ ਦੇ ਅਸਮਰੱਥ ਹੈ ਕਿ ਆਖ਼ਰ ਇਸਦਾ ਮਤਲਬ ਕੀ ਹੈ?

"ਪਰ ਅਜੇ ਤੱਕ ਤਾਂ ਇਹ ਅਧਿਕਾਰਕ ਮੁਕੱਦਮਾ ਨਹੀਂ ਹੈ।", ਵਾਰਡਰ ਹੱਸ ਪਏ ਪਰ ਉਹ ਆਪਣੀ ਇਸ ਧਾਰਨਾ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਸਨ ਕਿ "ਇਸਨੂੰ ਕਾਲਾ ਕੋਟ ਹੀ ਹੋਣਾ ਚਾਹੀਦਾ!"

"ਓਹ! ਜੇਕਰ ਇਸੇ ਨਾਲ ਕੰਮ ਸੌਖਾ ਹੁੰਦਾ ਹੈ ਤਾਂ ਮੈਨੂੰ ਪਰਵਾਹ ਨਹੀਂ।" ਕੇ. ਨੇ ਕਿਹਾ ਅਤੇ ਆਪਣਾ ਵਾਰਡਰੋਬ ਖੋਲ੍ਹ ਕੇ ਕਾਫ਼ੀ ਦੇਰ ਤੱਕ ਆਪਣੇ ਕੱਪੜਿਆਂ ਦੀ ਤਲਾਸ਼ੀ ਲੈਂਦਾ ਰਿਹਾ। ਆਖ਼ਿਰ ਉਸਨੇ ਆਪਣਾ ਸਭ ਤੋਂ ਵਧੀਆ ਕਾਲਾ ਸੂਟ ਕੱਢਿਆ। ਉਹ ਐਨਾ ਖੂਬਸੂਰਤ ਸੀ ਕਿ ਇੱਕ ਵੇਲੇ ਉਹਦੀ ਕਟਾਈ-ਸਿਲਾਈ ਨੇ ਉਸਦੇ ਦੋਸਤਾਂ ਵਿੱਚ ਤੜਥੱਲੀ ਮਚਾ ਦਿੱਤੀ ਸੀ। ਉਸਨੇ ਇੱਕ ਨਵੀਂ ਕਮੀਜ਼ ਕੱਢੀ ਅਤੇ ਧਿਆਨ ਨਾਲ ਤਿਆਰ ਹੋਣ ਲੱਗਾ। ਉਹ ਮਨ ਵਿੱਚ ਸੋਚ ਰਿਹਾ ਸੀ ਕਿ ਉਸਨੇ ਕਾਫ਼ੀ ਫੁਰਤੀ ਦਿਖਾ ਦਿੱਤੀ ਹੈ ਕਿਉਂਕਿ ਵਾਰਡਰ ਉਸਨੂੰ ਨਹਾਉਣ ਲਈ ਕਹਿਣਾ ਭੁੱਲ ਗਏ ਸਨ। ਉਹ ਸੁੰਨ ਜਿਹਾ ਹੋ ਕੇ ਉਹਨਾਂ ਨੂੰ ਵੇਖਦਾ ਵੀ ਰਿਹਾ ਕਿ ਉਹ ਉਸਨੂੰ ਅਜਿਹਾ ਕਰਨ ਲਈ ਜ਼ਰੂਰ ਕਹਿਣਗੇ, ਪਰ ਅਜਿਹਾ ਕੁੱਝ ਵੀ ਨਹੀਂ ਹੋਇਆ। ਇਸ ਤੋਂ ਬਿਨ੍ਹਾਂ ਵਿਲੀਅਮ ਨੇ ਤਾਂ ਫ਼ਰਾਂਜ਼ ਨੂੰ ਇੰਸਪੈਕਟਰ ਕੋਲ ਇਹ ਕਹਿਣ ਲਈ ਵੀ ਭੇਜ ਦਿੱਤਾ ਕਿ ਕੇ. ਤਿਆਰ ਹੋ ਰਿਹਾ ਹੈ।

ਜਦੋਂ ਉਹ ਤਿਆਰ ਹੋ ਗਿਆ ਤਾਂ ਉਸਨੂੰ ਚੱਲਣ ਲਈ ਕਿਹਾ ਗਿਆ। ਵਿਲੀਅਮ ਉਸਦੇ ਇੱਕ ਦਮ ਨਾਲ ਲੱਗ ਕੇ ਪਿੱਛੇ ਤੁਰ ਰਿਹਾ ਸੀ। ਉਹ ਨਾਲ ਦਾ ਕਮਰਾ ਲੰਘੇ ਅਤੇ ਉਸ ਤੋਂ ਅਗਲੇ ਕਮਰੇ ਵਿੱਚ ਆ ਗਏ ਜਿਸਦੇ ਬੂਹੇ ਉਹਨਾਂ ਦੇ ਆਉਣ ਲਈ ਖੁੱਲੇ ਰੱਖੇ ਗਏ ਸਨ। ਕੇ. ਨੂੰ ਪਤਾ ਸੀ ਕਿ ਇਹ ਕਮਰਾ ਕੁੱਝ ਦਿਨ ਪਹਿਲਾਂ ਕਿਸੇ ਫ਼ਰਾਉਲਨ ਬਸਨਰ ਨੇ ਕਿਰਾਏ 'ਤੇ ਲਿਆ ਸੀ, ਜਿਹੜੀ ਕਿ ਇੱਕ ਟਾਇਪਿਸਟ ਹੈ। ਉਹ ਸਵੇਰੇ ਬਹੁਤ ਛੇਤੀ ਘਰੋਂ ਨਿਕਲ ਜਾਂਦੀ ਹੈ ਅਤੇ ਸ਼ਾਮ ਤੋਂ ਬਾਅਦ ਮੁੜਦੀ ਹੈ ਅਤੇ ਕੇ. ਨੇ ਉਸਦੇ ਨਾਲ ਰਸਮੀ ਸੁਆਗਤ ਤੋਂ ਬਿਨ੍ਹਾਂ ਕੋਈ ਗੱਲ

19