ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਗੇ ਵੱਧ ਕੇ ਪ੍ਰਧਾਨ ਹੋ ਗਿਆ, ਜਿਵੇਂ ਕਿ ਪਹਿਲੀ ਨਜ਼ਰ ਤੋਂ ਉਹ ਅਜਿਹਾ ਕਰਨ ਦਾ ਆਦੀ ਲੱਗ ਰਿਹਾ ਸੀ, ਵਕੀਲ, ਜਿਸਦੀ ਸ਼ੁਰੂਆਤੀ ਕਮਜ਼ੋਰੀ ਮਹਿਮਾਨਾਂ ਨੂੰ ਪਰੇ ਰੱਖਣ ਦੀ ਸੀ, ਆਪਣਾ ਹੱਥ ਕੰਨ ਦੇ ਉੱਪਰ ਧਰ ਕੇ ਧਿਆਨ ਨਾਲ ਸੁਣ ਰਿਹਾ ਸੀ, ਜੋਸਫ਼ ਦਾ ਚਾਚਾ, ਜਿਸਦੇ ਕੋਲ ਮੋਮਬੱਤੀ ਦੀ ਜ਼ਿੰਮੇਵਾਰੀ ਸੀ, ਉਸਨੇ ਮੋਮਬੱਤੀ ਨੂੰ ਆਪਣੇ ਪੱਟ 'ਤੇ ਟਿਕਾਇਆ ਹੋਇਆ ਸੀ ਅਤੇ ਵਕੀਲ ਨੂੰ ਇੱਕ - ਅੱਧ ਵਾਰ ਫ਼ਿਕਰਮੰਦ ਨਿਗ੍ਹਾ ਨਾਲ ਵੇਖ ਚੁੱਕਾ ਸੀ, ਹੁਣ ਆਪਣੀ ਪਰੇਸ਼ਾਨੀ ਤੋਂ ਮੁਕਤ ਹੋ ਚੁੱਕਾ ਸੀ ਅਤੇ ਨਿਰਦੇਸ਼ਕ ਦੇ ਬੋਲਣ ਦੇ ਢੰਗ ਅਤੇ ਉਸਦੇ ਹੱਥਾਂ ਦੀਆਂ ਲਹਿਰਾਂ, ਜਿਹੜੀਆਂ ਉਸਦੇ ਸ਼ਬਦਾਂ ਦਾ ਸਾਥ ਦੇ ਰਹੀਆਂ ਸਨ, ਤੋਂ ਪੂਰੀ ਤਰ੍ਹਾਂ ਮੋਹਿਤ ਹੋ ਚੁੱਕਾ ਸੀ। ਕੇ. ਬਿਸਤਰੇ ਦੀ ਪਿੱਠ 'ਤੇ ਟਿਕਿਆ ਹੋਇਆ ਸੀ ਅਤੇ ਨਿਰਦੇਸ਼ਕ ਨੇ ਪੂਰੀ ਤਰ੍ਹਾਂ ਉਸਦੇ ਹੋਣ ਨੂੰ ਨਕਾਰ ਦਿੱਤਾ ਸੀ (ਜਿਵੇਂ ਜਾਣ-ਬੁੱਝ ਕੇ) ਅਤੇ ਉਹ ਉਸ ਬੁੱਢੇ ਲਈ ਇੱਕ ਸਰੋਤਾ ਭਰ ਹੀ ਰਹਿ ਗਿਆ ਸੀ। ਅਤੇ ਉਹ ਬਮੁਸ਼ਕਿਲ ਹੀ ਸਮਝ ਪਾ ਰਿਹਾ ਸੀ ਕਿ ਉਹ ਬੋਲ ਕੀ ਰਹੇ ਹਨ ਅਤੇ ਛੇਤੀ ਹੀ ਉਹ ਉਸ ਨਰਸ ਦੇ ਬਾਰੇ ਸੋਚ ਰਿਹਾ ਸੀ ਅਤੇ ਉਸਦੇ ਨਾਲ ਚਾਚੇ ਦੁਆਰਾ ਕੀਤਾ ਗਏ ਵਿਹਾਰ ਦੇ ਬਾਰੇ 'ਚ। ਫ਼ਿਰ ਉਸਨੂੰ ਯਾਦ ਆਇਆ ਕਿ ਕਦੇ ਉਸਨੇ ਉਸ ਨਿਰਦੇਸ਼ਕ ਨੂੰ ਜ਼ਰੂਰ ਵੇਖਿਆ ਹੈ, ਸ਼ਾਇਦ ਆਪਣੇ ਪਰੀਖਣ ਦੇ ਸਮੇਂ ਉਸਨੂੰ ਗਲਤੀ ਵੀ ਲੱਗ ਸਕਦੀ ਹੈ, ਪਰ ਇਹ ਨਿਰਦੇਸ਼ਕ ਉਸ ਸਭਾ ਦੀ ਮੁਹਰਲੀ ਕਤਾਰ ਵਿੱਚ ਜ਼ਰੂਰ ਰਿਹਾ ਹੋਵੇਗਾ, ਜਿਸ ਵਿੱਚ ਕੁੱਝ ਬੁੱਢੇ ਆਪਣੀਆਂ ਵਿਰਲੀਆਂ ਦਾੜੀਆਂ ਸੰਭਾਲੀ ਬੈਠੇ ਸਨ।

ਫ਼ਿਰ ਗੈਲਰੀ 'ਚੋਂ ਰੌਲਾ ਅੰਦਰ ਆਉਣ ਲੱਗਾ, ਜਿਵੇਂ ਕਿ ਚੀਨੀ ਮਿੱਟੀ ਦੇ ਭਾਂਡੇ ਤੋੜੇ ਜਾ ਰਹੇ ਹੋਣ, ਅਤੇ ਹਰ ਕੋਈ ਚੁੱਪ ਹੋ ਕੇ ਸੁਣਨ ਲੱਗਾ।

"ਮੈਂ ਜਾ ਕੇ ਪਤਾ ਲਾਉਂਦਾ ਹਾਂ ਕਿ ਆਖਰ ਕੀ ਹੋਇਆ ਹੈ, ਕੇ. ਨੇ ਕਿਹਾ ਅਤੇ ਹੌਲੀ ਜਿਹੇ ਬਾਹਰ ਨਿਕਲ ਗਿਆ ਜਿਵੇਂ ਉਹ ਇਹ ਚਾਹੁੰਦਾ ਹੋਵੇ ਕਿ ਉਹ ਉਸਨੂੰ ਰੋਕਣ। ਅਜੇ ਤੱਕ ਉਸਨੇ ਗੈਲਰੀ ਵਿੱਚ ਕਦਮ ਰੱਖਿਆ ਹੀ ਸੀ ਅਤੇ ਆਪਣੇ ਹੱਥਾਂ ਨਾਲ ਟੋਹਲ ਕੇ ਉੱਥੇ ਮੌਜੂਦ ਹਨੇਰੇ ਤੋਂ ਜਾਣੂ ਹੋਣ ਦੀ ਕੋਸ਼ਿਸ਼ ਵਿੱਚ ਹੀ ਸੀ, ਅਤੇ ਅਜੇ ਤੱਕ ਬੂਹੇ ਦਾ ਹੈਂਡਲ ਵੀ ਨਹੀਂ ਛੱਡ ਸਕਿਆ ਸੀ ਕਿ ਕਿਸੇ ਦੂਜੇ ਹੱਥ ਨੇ ਅਚਾਨਕ ਉਸਨੂੰ ਦਬੋਚ ਲਿਆ, ਇਹ ਹੱਥ ਕੇ. ਦੇ ਹੱਥ ਤੋਂ ਕਾਫ਼ੀ ਛੋਟਾ ਸੀ ਅਤੇ ਇਸਨੇ ਚੁਪਕੇ ਜਿਹੇ ਬੂਹੇ ਬੰਦ ਕਰ ਦਿੱਤੇ। ਇਹ ਉਹੀ ਨਰਸ ਸੀ, ਜਿਹੜੀ ਉੱਥੇ ਉਸਦੀ ਉਡੀਕ ਕਰ ਰਹੀ ਸੀ।

141 ॥ ਮੁਕੱਦਮਾ