ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/146

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਕਦੀਆਂ ਹਨ) ਆਪ ਵੀ ਆਪਣੀ ਗੱਲ ਕਹਿ ਸਕਦਾ ਹੈ। ਕੇ. ਨੂੰ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ ਕਿ ਹੁਲਡ ਇਸ ਕੇਸ ਦੇ ਵਿੱਚ ਕੀ ਕਰ ਰਿਹਾ ਹੈ। ਫ਼ਿਰ ਵੀ, ਇਸ ਵਿੱਚ ਬਹੁਤੀ ਉਮੀਦ ਨਹੀਂ ਹੋਵੇਗੀ, ਕਿਉਂਕਿ ਮਹੀਨਾ ਕੁ ਪਹਿਲਾਂ ਵਕੀਲ ਨੇ ਉਸ ਨਾਲ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਪਹਿਲਾਂ ਦੀਆਂ ਮੁਲਾਕਾਤਾਂ ਦੇ ਤਜਰਬੇ ਨੇ ਕੇ. ਨੂੰ ਇਹੀ ਪ੍ਰਭਾਵ ਦਿੱਤਾ ਸੀ ਕਿ ਉਹ ਸੱਜਣ ਉਸ ਲਈ ਕੁੱਝ ਨਹੀਂ ਕਰ ਸਕੇਗਾ।

ਸਭ ਤੋਂ ਜ਼ਿਆਦਾ ਤਾਂ ਹੁਲਡ ਉਸ ਤੋਂ ਪੂਰੀ ਤਰ੍ਹਾਂ ਪੁੱਛਗਿੱਛ ਵੀ ਨਹੀਂ ਕਰ ਸਕਿਆ ਸੀ ਅਤੇ ਫ਼ਿਰ ਅਜਿਹੇ ਕਿੰਨੇ ਹੀ ਸਵਾਲ ਪੁੱਛੇ ਜਾਣੇ ਬਾਕੀ ਸਨ। ਸਵਾਲ ਪੁੱਛੇ ਜਾਣੇ ਸਭ ਤੋਂ ਜ਼ਿਆਦਾ ਜ਼ਰੂਰੀ ਸਨ। ਕੇ. ਨੂੰ ਇਹ ਅੰਦਾਜ਼ਾ ਸੀ ਕਿ ਸਾਰੇ ਜ਼ਰੂਰੀ ਸਵਾਲ ਪੁੱਛਣ ਦਾ ਆਪ ਹੁਨਰ ਰੱਖਦਾ ਸੀ। ਪਰ ਵਕੀਲ ਤਾਂ ਸਵਾਲ ਪੁੱਛਣ ਦੀ ਬਜਾਏ ਜਾਂ ਤਾਂ ਖੁਦ ਹੀ ਗੱਲਬਾਤ ਵਿੱਚ ਉਲਝਿਆ ਰਹਿੰਦਾ ਹੈ ਜਾਂ ਕੇ. ਦੇ ਸਾਹਮਣੇ ਚੁੱਪਚਾਪ, ਮੇਜ਼ ਤੇ ਸਿਰ ਝੁਕਾਈ (ਸ਼ਾਇਦ ਘੱਟ ਸੁਣਨ ਦੀ ਆਪਣੀ ਬਿਮਾਰੀ ਦੇ ਕਾਰਨ, ਆਪਣੀ ਦਾੜੀ 'ਚੋਂ ਇੱਕ ਵਾਲ ਖਿੱਚਦਾ ਅਤੇ ਦਰੀ 'ਤੇ ਨਿਗਾਹਾਂ ਗੱਡੀ ਬੈਠਾ ਰਹਿੰਦਾ ਸੀ। ਸ਼ਾਇਦ ਉਸ ਜਗਾ ਨੂੰ ਵੇਖਦਾ, ਜਿੱਥੇ ਕੇ. ਲੇਨੀ ਨਾਲ ਪਿਆ ਸੀ। ਕਦੇ-ਕਦੇ ਉਹ ਕੇ. ਨੂੰ ਕੁੱਝ ਖੋਖਲੀਆਂ ਚੇਤਾਵਨੀਆਂ ਵੀ ਦੇ ਦਿੰਦਾ ਸੀ, ਜਿਵੇਂ ਕਿ ਬੱਚਿਆਂ ਨੂੰ ਝਿੜਕਾਂ ਦਿੱਤੀਆਂ ਜਾਂਦੀਆਂ ਹਨ। ਉਸਦੇ ਭਾਸ਼ਣ ਉਨੇ ਹੀ ਅਕਾਉ ਸਨ ਜਿੰਨੇ ਕਿ ਵਿਅਰਥ, ਅਤੇ ਜਦੋਂ ਲੇਖਾ ਨਬੇੜਨ ਦਾ ਵਕਤ ਹੁੰਦਾ ਤਾਂ ਕੇ. ਦੀ ਇਹਨਾਂ ਲਈ ਇੱਕ ਕੌੜੀ ਵੀ ਦੇਣ ਦੀ ਇੱਛਾ ਨਹੀਂ ਸੀ।

ਜਦੋਂ ਵਕੀਲ ਸੋਚਦਾ ਕਿ ਉਸਨੇ ਕੇ. ਦੀ ਕਾਫ਼ੀ ਖੰਬ ਠੱਪ ਦਿੱਤੀ ਹੈ ਤਾਂ ਅਕਸਰ ਉਹ ਉਸਨੂੰ ਥੋੜਾ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਸੀ। ਹੁਣ ਉਹ ਦੱਸਦਾ ਕਿ ਉਸਦੇ ਕੋਲ ਅਜਿਹੇ ਕਿੰਨੇ ਹੀ ਕੇਸ ਆ ਚੁੱਕੇ ਹਨ, ਜਿਸਨੂੰ ਉਸਨੇ ਪੂਰੀ ਤਰ੍ਹਾਂ ਜਾਂ ਕੁੱਝ ਹੱਦ ਤੱਕ ਤਾਂ ਜਿੱਤ ਹੀ ਲਿਆ ਹੈ। ਅਜਿਹੇ ਕੇਸ, ਉਹ ਕਹਿੰਦਾ, ਜਿਹੜੇ ਜੇਕਰ ਅਸਲ 'ਚ ਇੰਨੇ ਮੁਸ਼ਕਲ ਨਾ ਵੀ ਹੋਣ, ਜਿੰਨਾ ਕਿ ਇਹ ਕੇਸ ਹੈ, ਤਾਂ ਵੀ ਉਹ ਇਸ ਤੋਂ ਕਿਤੇ ਜ਼ਿਆਦਾ ਨਿਰਾਸ਼ਾਜਨਕ ਲੱਗਦੇ ਸਨ। ਦਰਅਸਲ ਦਰਾਜ ਵਿੱਚ ਉਸਦੇ ਕੋਲ ਅਜਿਹੇ ਕੇਸਾਂ ਦੀ ਇੱਕ ਸੂਚੀ ਸੀ - ਇੱਕ ਵੇਲੇ ਉਹ ਮੇਜ਼ ਦੀ ਦਰਾਜ ਨੂੰ ਖੜਕਾ ਦਿੱਤਾ - ਬਦਕਿਸਮਤੀ ਨਾਲ, ਹਾਲਾਂਕਿ ਉਹ ਅਜਿਹੇ ਕੇਸਾਂ ਦਾ ਰਿਕਾਰਡ ਨਹੀਂ ਵਿਖਾ ਪਾਉਂਦਾ ਸੀ, ਕਿਉਂਕਿ ਉਹਨਾਂ ਵਿੱਚ ਬਹੁਤ ਸਾਰੇ ਗੁੱਝੇ ਭੇਦ ਸਨ। ਪਰ ਇਹਨਾਂ ਦੇ ਜ਼ਰੀਏ ਉਸਨੇ ਜਿਹੜਾ ਤਜਰਬਾ ਪ੍ਰਾਪਤ ਕੀਤਾ ਹੈ, ਉਸ

152 ॥ ਮੁਕੱਦਮਾ