ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/170

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਫੈਬੇ ਵੀ ਅੰਦਰ ਆ ਡਿੱਗੇ।

"ਕਿੰਨੀ ਡਰਾਉਣੀ ਪੱਤਝੜ ਹੈ," ਕੇ. ਨੇ ਆਪਣੇ ਪਿੱਛੇ ਨਿਰਮਾਤਾ ਨੂੰ ਬੋਲਦੇ ਹੋਏ ਸੁਣਿਆ; ਉਹ ਡਿਪਟੀ ਮੈਨੇਜਰ ਦੇ ਕਮਰੇ ਤੋਂ ਬਿਨ੍ਹਾਂ ਕੋਈ ਆਵਾਜ਼ ਕੀਤਿਆਂ ਇੱਧਰ ਆ ਗਿਆ ਸੀ। ਕੇ. ਨੇ ਸਿਰ ਹਿਲਾਇਆ ਅਤੇ ਬ੍ਰੀਫ਼ਕੇਸ 'ਤੇ ਇੱਕ ਸਰਸਰੀ ਜਿਹੀ ਨਿਗ੍ਹਾ ਮਾਰੀ, ਜਿਸ ਵਿੱਚੋਂ ਹੁਣ ਨਿਰਮਾਤਾ ਕਾਗਜ਼ ਕੱਢਣ ਲਈ ਕਾਹਲਾ ਸੀ, ਤਾਂ ਕਿ ਡਿਪਟੀ ਮੈਨੇਜਰ ਦੇ ਨਾਲ ਹੋਈ ਗੱਲਬਾਤ ਦਾ ਨਤੀਜਾ ਉਸਨੂੰ ਦੱਸ ਸਕੇ। ਪਰ ਨਿਰਮਾਤਾ ਨੇ ਕੇ. ਦੀ ਨਿਗ੍ਹਾ ਦਾ ਅੰਦਾਜ਼ਾ ਲਾਕੇ, ਬ੍ਰੀਫ਼ਕੇਸ 'ਤੇ ਮੁੱਕਾ ਮਾਰਿਆ ਅਤੇ ਉਸਨੂੰ ਖੋਲ੍ਹੇ ਬਿਨ੍ਹਾਂ ਕਿਹਾ, "ਤੂੰ ਸੁਣਨਾ ਚਾਹੇਗਾ ਕਿ ਕੀ ਹੋਇਆ। ਮੈਂ ਸਹਿਮਤੀ ਪੱਤਰ 'ਤੇ ਲਗਭਗ ਹਸਤਾਖ਼ਰ ਕਰਵਾ ਲਏ ਹਨ ਅਤੇ ਇਸਨੂੰ ਆਪਣੇ ਬ੍ਰੀਫ਼ਕੇਸ ਵਿੱਚ ਬੰਦ ਕਰ ਲਿਆ ਹੈ। ਤੇਰਾ ਇਹ ਡਿਪਟੀ ਮੈਨੇਜਰ ਇੱਕ ਦਿਲਖਿੱਚਵਾਂ ਆਦਮੀ ਹੈ, ਪਰ ਵਿਹਾਰ ਵਿੱਚ ਬਹੁਤ ਖ਼ਤਰਨਾਕ ਹੈ।"

ਉਹ ਕੇ. ਦਾ ਹੱਥ ਫੜ੍ਹ ਕੇ ਹੱਸ ਪਿਆ ਅਤੇ ਉਸਨੂੰ ਵੀ ਹਸਾਉਣ ਦੀ ਕੋਸ਼ਿਸ਼ ਕੀਤੀ। ਪਰ ਕੇ. ਨੂੰ ਹੁਣ ਇੱਕ ਵਾਰ ਫਿਰ ਸ਼ੱਕ ਹੋ ਗਿਆ ਸੀ ਕਿ ਕਿਉਂਕਿ ਨਿਰਮਾਤਾ ਹੁਣ ਉਸਨੂੰ ਆਪਣੇ ਕਾਗਜ਼ ਨਹੀਂ ਵਿਖਾਉਣਾ ਚਾਹੁੰਦਾ ਸੀ ਅਤੇ ਨਿਰਮਾਤਾ ਦੀ ਉਸ ਟਿੱਪਣੀ ਉੱਪਰ ਕੇ. ਨੂੰ ਹੱਸਣ ਜਿਹਾ ਕੁੱਝ ਵਿਖਾਈ ਨਾ ਦਿੱਤਾ।

"ਪਿਆਰੇ ਸ੍ਰੀਮਾਨ!" ਨਿਰਮਾਤਾ ਨੇ ਕਿਹਾ, "ਅੱਜ ਦਾ ਮੌਸਮ ਤੇਰੇ ਸਿਰ ਚੜ੍ਹ ਕੇ ਬੋਲ ਰਿਹਾ ਹੈ... ਅੱਜ ਤਾਂ ਤੂੰ ਬਹੁਤ ਗ਼ਮਗੀਨ ਵਿਖਾਈ ਦੇ ਰਿਹਾ ਏਂ।"

"ਹਾਂ, ਕੇ. ਨੇ ਕਿਹਾ ਅਤੇ ਮੱਥੇ ਤੇ ਹੱਥ ਰੱਖ ਕੇ ਬੋਲਿਆ- "ਸਿਰਦਰਦ ਅਤੇ ਘਰੇਲੂ ਪਰੇਸ਼ਾਨੀਆਂ..."

"ਹਾਂ, ਹਾਂ, ਨਿਰਮਾਤਾ ਤਾਂ ਜਲਦਬਾਜ਼ ਸੀ ਅਤੇ ਕਿਸੇ ਨੂੰ ਵੀ ਚੁੱਪਚਾਪ ਨਹੀਂ ਸੁਣ ਸਕਦਾ ਸੀ, ਬੋਲਿਆ- "ਅਸੀਂ ਸਾਰੇ ਆਪਣੀਆਂ ਆਪਣੀਆਂ ਪਰੇਸ਼ਾਨੀਆਂ ਨਾਲ ਘਿਰੇ ਹੋਏ ਹਾਂ।"

ਕੇ. ਨੇ ਬਿਨ੍ਹਾਂ ਸੋਚਿਆਂ ਹੀ ਬੂਹੇ ਵੱਲ ਕਦਮ ਵਧਾਏ ਜਿਵੇਂ ਉਸਨੂੰ ਬਾਹਰ ਦਾ ਰਸਤਾ ਵਿਖਾਉਣਾ ਚਾਹੁੰਦਾ ਹੋਵੇ, ਪਰ ਨਿਰਮਾਤਾ ਬੋਲ ਪਿਆ- "ਇੱਕ ਛੋਟੀ ਜਿਹੀ ਗੱਲ ਹੈ ਜਿਹੜੀ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ। ਮੈਨੂੰ ਡਰ ਹੈ ਕਿ ਸ਼ਾਇਦ ਅੱਜ ਤੈਨੂੰ ਉਹ ਗੱਲ ਦੱਸਣੀ ਠੀਕ ਨਹੀਂ ਹੈ, ਪਰ ਹਾਲ ਹੀ ਵਿੱਚ ਮੈਂ ਤਾਂ ਤੈਨੂੰ ਮਿਲਣ ਦੋ ਵਾਰ ਆ ਚੁੱਕਾ ਹਾਂ, ਅਤੇ ਦੋਵੇਂ ਵਾਰ ਮੈਂ ਤੈਨੂੰ ਦੱਸਣਾ ਭੁੱਲ ਗਿਆ ਹਾਂ। ਪਰ ਜੇ ਮੈਂ ਤੈਨੂੰ ਅੱਜ ਵੀ ਨਾ ਦੱਸਾਂ, ਤਾਂ ਬਾਅਦ ਵਿੱਚ ਇਸਨੂੰ ਦੱਸਣ ਦੀ ਕੋਈ ਤੁਕ ਵੀ

176 ॥ ਮੁਕੱਦਮਾ