ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/172

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਉਸਨੂੰ ਥੋੜ੍ਹੇ-ਬਹੁਤ ਪੈਸੇ ਦੇ ਦਿੰਦਾ ਹਾਂ। ਉਹ ਲਗਭਗ ਇੱਕ ਭਿਖਾਰੀ ਹੈ। ਇਸਦੇ ਇਲਾਵਾ ਉਹ ਤਸਵੀਰਾਂ ਖ਼ੂਬਸੂਰਤ ਹਨ, ਉਹਨਾਂ ਵਿੱਚ ਰੇਗਿਸਤਾਨ ਦੇ ਦ੍ਰਿਸ਼ ਹਨ ਅਤੇ ਇਸੇ ਤਰ੍ਹਾਂ ਦੀਆਂ ਕਈ ਚੀਜ਼ਾਂ। ਇਹ ਲੈਣ-ਦੇਣ ਕਈ ਸਾਲਾਂ ਤੋਂ ਚੱਲ ਰਿਹਾ ਹੈ। ਪਰ ਮੈਨੂੰ ਇਹ ਅਹਿਸਾਸ ਹੋਇਆ ਕਿ ਉਹ ਮੇਰੇ ਕੋਲ ਕੁੱਝ ਜ਼ਿਆਦਾ ਹੀ ਆਉਣ ਲੱਗਾ ਹੈ, ਇਸ ਲਈ ਮੈਂ ਉਸਨੂੰ ਬੁਰਾ ਭਲਾ ਕਿਹਾ ਅਤੇ ਅਸੀਂ ਆਪਸ ਵਿੱਚ ਗੱਲਾਂ ਕਰਨ ਲੱਗੇ। ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਉਹ ਸਿਰਫ਼ ਪੇਂਟਿੰਗਾਂ ਦੇ ਦਮ 'ਤੇ ਹੀ ਜ਼ਿੰਦਾ ਕਿਵੇਂ ਰਹਿ ਸਕਦਾ ਹੈ, ਅਤੇ ਉਦੋਂ ਮੈਨੂੰ ਪਤਾ ਲੱਗਾ ਕਿ ਉਸਦੀ ਵਧੇਰੇ ਆਮਦਨ ਪੋਰਟਰੇਟ ਚਿਤਰਕਾਰੀ ਤੋਂ ਹੁੰਦੀ ਹੈ। ਇਸਤੋਂ ਮੈਂ ਹੈਰਾਨ ਸੀ। ਉਸਨੇ ਕਿਹਾ ਕਿ ਉਹ ਅਦਾਲਤ ਦੇ ਲਈ ਕੰਮ ਕਰਦਾ ਹੈ। "ਕਿਹੜੀ ਅਦਾਲਤ?" ਮੈਂ ਉਸਤੋਂ ਪੁੱਛਿਆ। ਉਦੋਂ ਉਸਨੇ ਮੈਨੂੰ ਅਦਾਲਤ ਦੇ ਬਾਰੇ ਵਿੱਚ ਦੱਸਿਆ। ਖ਼ਾਸ ਕਰਕੇ ਤੂੰ ਇਹ ਅੰਦਾਜ਼ਾ ਲਾ ਸਕਦਾ ਏਂ ਕਿ ਉਸਦੇ ਕਹੇ 'ਤੇ ਮੈਂ ਕਿੰਨਾ ਹੈਰਾਨ ਸੀ। ਉਸ ਪਿੱਛੋਂ ਜਦੋਂ ਵੀ ਉਹ ਮੇਰੇ ਕੋਲ ਆਉਂਦਾ ਹੈ, ਉਹ ਅਦਾਲਤ ਦੇ ਬਾਰੇ ਵਿੱਚ ਹਰ ਵਾਰ ਮੈਨੂੰ ਕੋਈ ਨਵੀਂ ਗੱਲ ਦੱਸਦਾ ਹੈ, ਇਸ ਲਈ ਹੌਲੀ-ਹੌਲੀ ਮੈਨੂੰ ਇਹ ਅੰਦਾਜ਼ਾ ਹੋ ਚੱਲਿਆ ਹੈ ਕਿ ਇਹ ਕੰਮ ਕਿਵੇਂ ਕਰਦੀ ਹੈ। ਭਾਵੇਂ ਤਿਤੋਰੇਲੀ ਬੋਲਣਾ ਤਾਂ ਬੰਦ ਨਹੀਂ ਕਰ ਸਕਦਾ ਅਤੇ ਕਈ ਵਾਰ ਮੈਨੂੰ ਉਸ ਨਾਲ ਲੜਨਾ ਪੈਂਦਾ ਹੈ, ਸਿਰਫ਼ ਇਸ ਲਈ ਨਹੀਂ ਕਿ ਉਹ ਪੱਕਾ ਹੀ ਝੂਠ ਬੋਲ ਰਿਹਾ ਹੁੰਦਾ ਹੈ, ਖ਼ਾਸ ਕਰਕੇ ਇਸ ਲਈ ਕਿ ਮੇਰੇ ਤਰ੍ਹਾਂ ਦਾ ਵਪਾਰਕ ਆਦਮੀ ਆਪਣੇ ਹੀ ਵਪਾਰਕ ਫ਼ਿਕਰਾਂ ਵਿੱਚ ਘਿਰਿਆ ਰਹਿੰਦਾ ਹੈ ਅਤੇ ਦੂਜੇ ਲੋਕਾਂ ਦੀਆਂ ਮੁਸੀਬਤਾਂ ਵਿੱਚ ਉਲਝ ਸਕਣ ਦੀ ਸਮਰੱਥਾ ਨਹੀਂ ਰੱਖਦਾ। ਪਰ ਇਹ ਸਭ ਤਾਂ ਵੈਸੇ ਹੀ ਹੈ। ਹੁਣ ਸ਼ਾਇਦ, ਮੈਂ ਇਹੀ ਸੋਚ ਰਿਹਾ ਸੀ, ਤਿਤੋਰੇਲੀ ਤੇਰੇ ਕਿਸੇ ਕੰਮ ਆ ਸਕਦਾ ਹੈ, ਉਹ ਬਹੁਤ ਸਾਰੇ ਜੱਜਾਂ ਨੂੰ ਜਾਣਦਾ ਹੈ ਅਤੇ ਆਪ ਉਸਦਾ ਆਪਣਾ ਜ਼ਿਆਦਾ ਪ੍ਰਭਾਵ ਵੀ ਨਾ ਹੋਵੇ, ਫ਼ਿਰ ਵੀ ਆਖਰ ਤੈਨੂੰ ਉਹ ਕੋਈ ਸਲਾਹ ਦੇ ਸਕਦਾ ਹੈ ਕਿ ਕੁੱਝ ਪ੍ਰਭਾਵਸ਼ਾਲੀ ਲੋਕਾਂ ਨਾਲ ਸੰਪਰਕ ਕਿਵੇਂ ਕਾਇਮ ਕੀਤਾ ਜਾਵੇ। ਅਤੇ ਜੇ ਇਹ ਸਲਾਹ ਆਪਣੇ-ਆਪ ਵਿੱਚ ਜ਼ਿਆਦਾ ਮਹੱਤਵਪੂਰਨ ਨਾ ਵੀ ਹੋਵੇ, ਤਾਂ ਵੀ ਮੈਨੂੰ ਲੱਗਦਾ ਹੈ ਕਿ ਤੂੰ ਉਸਦਾ ਚੰਗਾ ਇਸਤੇਮਾਲ ਕਰ ਸਕੇਂਗਾ। ਕਿਉਂਕਿ ਤੂੰ ਆਪਣੇ ਆਪ ਵਿੱਚ ਵਕੀਲਾਂ ਵਰਗਾ ਹੀ ਏਂ। ਮੈਂ ਤਾਂ ਹਮੇਸ਼ਾ ਤੋਂ ਕਹਿੰਦਾ ਹਾਂ-ਸੀਨੀਅਰ ਕਲਰਕ ਤਾਂ ਲਗਭਗ ਵਕੀਲ ਹੁੰਦਾ ਹੈ। ਓਹ, ਮੈਨੂੰ ਤੇਰੇ ਮੁਕੱਦਮੇ ਦੀ ਫ਼ਿਕਰ ਨਹੀਂ ਹੈ। ਤਾਂ ਕੀ ਤੂੰ ਹੁਣੇ ਚੱਲ ਕੇ ਤਿਤੋਰੇਲੀ ਨਾਲ ਮਿਲਣਾ ਚਾਹੇਂਗਾ? ਜੇ

178 ॥ ਮੁਕੱਦਮਾ