ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/207

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਇਹਨਾਂ ਸਭ ਨੂੰ ਬੰਨ੍ਹ ਲਓ," ਉਸਨੇ ਟੋਕਿਆ- "ਕੱਲ੍ਹ ਮੈਂ ਆਪਣੇ ਕਲਰਕ ਨੂੰ ਭੇਜ ਕੇ ਇਨ੍ਹਾਂ ਨੂੰ ਮੰਗਵਾ ਲਵਾਂਗਾ।"

"ਇਹ ਜ਼ਰੂਰੀ ਨਹੀਂ ਹੈ," ਚਿੱਤਰਕਾਰ ਬੋਲਿਆ- "ਮੈਨੂੰ ਉਮੀਦ ਹੈ ਕਿ ਹੁਣ ਤੁਹਾਡੇ ਜਾਣ ਲਈ ਮੈਂ ਕਿਸੇ ਤਾਂਗੇ ਦਾ ਇੰਤਜ਼ਾਮ ਕਰ ਸਕਦਾ ਹਾਂ।" ਅਤੇ ਬਿਸਤਰੇ 'ਤੇ ਝੁਕਿਆ ਅਤੇ ਬੂਹਾ ਖੋਲ੍ਹ ਦਿੱਤਾ। "ਬਿਸਤਰੇ 'ਤੇ ਚੜ੍ਹਨ ਤੋਂ ਡਰਿਓ ਨਾ," ਚਿੱਤਰਕਾਰ ਨੇ ਕਿਹਾ-"ਜਿਹੜਾ ਵੀ ਇੱਥੇ ਆਉਂਦਾ ਹੈ, ਇਹੀ ਕਰਦਾ ਹੈ।" ਇਹ ਕਹੇ ਜਾਣ ਤੋਂ ਬਿਨ੍ਹਾ ਵੀ ਕੇ. ਅਜਿਹਾ ਕਰਨ ਤੋਂ ਬਾਜ਼ ਨਾ ਆਉਂਦਾ, ਉਸਨੇ ਪਹਿਲਾਂ ਹੀ ਸੱਜਾ ਪੈਰ ਰਜਾਈ 'ਤੇ ਧਰ ਲਿਆ ਸੀ, ਪਰ ਜਦੋਂ ਉਸਨੇ ਖੁੱਲ੍ਹੇ ਬੂਹੇ ਦੇ ਬਾਹਰ ਵੇਖਿਆ ਤਾਂ ਫ਼ੌਰਨ ਆਪਣਾ ਪੈਰ ਪਿੱਛੇ ਖਿੱਚ ਲਿਆ।

"ਉਹ ਕੀ ਹੈ?" ਉਸਨੇ ਚਿੱਤਰਕਾਰ ਤੋਂ ਪੁੱਛਿਆ।

"ਤੁਸੀਂ ਕਿਸ ਗੱਲ ਤੋਂ ਹੈਰਾਨ ਹੋ ਗਏ ਹੋਂ?" ਚਿੱਤਰਕਾਰ ਨੇ ਪੁੱਛਿਆ, ਜਿਹੜਾ ਹੁਣ ਆਪ ਵੀ ਹੈਰਾਨ ਹੋ ਗਿਆ ਸੀ। "ਇਹ ਤਾਂ ਕੋਰਟ ਦੇ ਦਫ਼ਤਰ ਹਨ। ਕੀ ਤੁਹਾਨੂੰ ਪਤਾ ਨਹੀਂ ਸੀ ਕਿ ਇੱਧਰ ਕੋਰਟ ਦੇ ਦਫ਼ਤਰ ਹਨ? ਉਹ ਤਾਂ ਲੱਗਭਗ ਸਾਰੀਆਂ ਮੰਜ਼ਿਲਾਂ 'ਤੇ ਹਨ ਅਤੇ ਕੀ ਇਨ੍ਹਾਂ ਦਾ ਇੱਥੇ ਹੋਣਾ ਹੈਰਾਨੀਜਨਕ ਹੈ? ਜਦਕਿ ਮੇਰਾ ਸਟੂਡੀਓ ਵੀ ਅਦਾਲਤ ਦੇ ਦਫ਼ਤਰਾਂ ਦਾ ਹਿੱਸਾ ਹੈ, ਪਰ ਅਦਾਲਤ ਨੇ ਇਸਨੂੰ ਮੇਰੇ ਹਵਾਲੇ ਕਰ ਰੱਖਿਆ ਹੈ।"

ਕੇ. ਨੂੰ ਜ਼ਿਆਦਾ ਧੱਕਾ ਇਸ ਗੱਲ ਨਾਲ ਨਹੀਂ ਲੱਗਾ ਕਿ ਅਦਾਲਤ ਦੇ ਦਫ਼ਤਰ ਇੱਥੇ ਸਨ, ਜਦਕਿ ਇਸ ਗੱਲ ਤੋਂ ਲੱਗਾ ਕਿ ਉਹ ਅਦਾਲਤੀ ਮਾਮਲਿਆਂ ਵਿੱਚ ਇੰਨ੍ਹਾ ਬੇਖ਼ਬਰ ਕਿਉਂ ਹੈ। ਉਸਨੂੰ ਮਹਿਸੂਸ ਹੋਇਆ ਕਿ ਮੁੱਦਈ ਦੇ ਵਿਹਾਰ ਦਾ ਇਹ ਬੁਨਿਆਦੀ ਨਿਯਮ ਹੈ ਕਿ ਉਹ ਹਰ ਸਥਿਤੀ ਲਈ ਤਿਆਰ ਹੋਵੇ, ਅਤੇ ਕਦੇ ਵੀ ਹੈਰਾਨੀ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦੇਵੇ ਅਤੇ ਜਦੋਂ ਜੱਜ ਉਸਦੇ ਖੱਬੇ ਪਾਸੇ ਮੌਜੂਦ ਹੋਣ ਤਾਂ ਉਸ 'ਤੇ ਸੱਜੇ ਪਾਸੇ ਵੇਖਣ ਦਾ ਸ਼ੱਕ ਨਾ ਹੋਵੇ। ਅਤੇ ਫ਼ਿਰ ਉਹ ਇਸ ਨਿਯਮ ਨੂੰ ਵਾਰ-ਵਾਰ ਤੋੜ ਰਿਹਾ ਸੀ। ਉਸਦੇ ਸਾਹਮਣੇ ਲੰਮਾ ਗਲਿਆਰਾ ਪਸਰਿਆ ਹੋਇਆ ਸੀ, ਜਿਸ ਵਿੱਚ ਹਵਾ ਵਗ ਰਹੀ ਸੀ? ਪਰ ਹੁਣ ਸਟੂਡੀਓ ਦੇ ਅੰਦਰ ਦੀ ਹਵਾ ਤਾਜ਼ਗੀ ਦੇਣ ਵਾਲੀ ਲੱਗ ਰਹੀ ਸੀ। ਗੈਲਰੀ ਦੇ ਦੋਵੇਂ ਪਾਸੇ ਬੈਂਚ ਲੱਗੇ ਹੋਏ ਸਨ, ਜਿਵੇਂ ਕਿ ਉਹਨਾਂ ਦਫ਼ਤਰਾਂ ਦੇ ਉਡੀਕਘਰਾਂ ਵਿੱਚ ਸਨ ਜਿੱਥੇ ਕੇ. ਦੇ ਮੁਕੱਦਮੇ ਦੀ ਸੁਣਵਾਈ ਹੋਣੀ ਤੈਅ ਸੀ। ਅਦਾਲਤ ਦੇ ਦਫ਼ਤਰਾਂ ਦੀ ਇਹ ਸਜਾਵਟ ਕਈ ਬੇਸ਼ਕੀਮਤੀ ਨਿਯਮਾਂ ਨਾਲ ਸੰਚਾਲਿਤ ਹੋਈ ਲੱਗ ਰਹੀ ਸੀ।

213॥ ਮੁਕੱਦਮਾ