ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/208

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਸਮੇਂ ਜ਼ਿਆਦਾ ਮੁੱਦਈ ਲੋਕ ਉੱਥੇ ਮੌਜੂਦ ਨਹੀਂ ਸਨ। ਇੱਕ ਆਦਮੀ ਇੱਕ ਬੈਂਚ 'ਤੇ ਬੈਠਾ ਸੀ ਅਤੇ ਰਤਾ ਹਿੱਲ-ਜੁੱਲ ਰਿਹਾ ਸੀ। ਉਸਨੇ ਆਪਣਾ ਚਿਹਰਾ ਬਾਹਾਂ ਵਿੱਚ ਲੁਕੋਇਆ ਹੋਇਆ ਸੀ, ਅਤੇ ਦੂਜਾ ਗੈਲਰੀ ਦੇ ਉਸ ਕਿਨਾਰੇ ਅੱਧ-ਹਨੇਰੇ ਵਿੱਚ ਖੜ੍ਹਾ ਸੀ।

ਹੁਣ ਕੇ. ਬਿਸਤਰੇ 'ਤੇ ਚੜਿਆ, ਜਦਕਿ ਚਿੱਤਰਕਾਰ ਤਸਵੀਰਾਂ ਫੜ੍ਹਕੇ ਉਸਦੇ ਪਿੱਛੇ ਤੁਰ ਪਿਆ। ਛੇਤੀ ਹੀ ਉਹ ਕਚਹਿਰੀ ਦੇ ਇੱਕ ਅਰਦਲੀ ਨਾਲ ਮਿਲੇ। ਹੁਣ ਤੱਕ ਅਦਾਲਤ ਦੇ ਕਰਮੀਆਂ ਨੂੰ ਉਨ੍ਹਾਂ ਦੇ ਕੋਟ ਤੇ ਲੱਗੇ ਸੁਨਹਿਰੀ ਬਟਨਾਂ ਨਾਲ ਪਛਾਣ ਰਿਹਾ ਸੀ ਜਿਸਨੂੰ ਉਹ ਆਪਣੇ ਆਮ ਕੱਪੜਿਆਂ ਵਿੱਚ ਬਾਕੀ ਸਾਧਾਰਨ ਬਟਨਾਂ ਦੇ ਵਿੱਚ ਟੰਗ ਕੇ ਰੱਖਦੇ ਹਨ ਅਤੇ ਚਿੱਤਰਕਾਰ ਨੇ ਹੁਣ ਉਸ ਆਦਮੀ ਨੂੰ ਤਸਵੀਰਾਂ ਲੈ ਕੇ ਕੇ. ਦੇ ਨਾਲ ਜਾਣ ਲਈ ਕਿਹਾ। ਕੇ. ਤਾਂ ਜਿਵੇਂ ਤੁਰਨ ਦੀ ਬਜਾਏ, ਮੂੰਹ 'ਤੇ ਆਪਣਾ ਰੁਮਾਲ ਰੱਖ ਕੇ ਭੱਜ ਰਿਹਾ ਸੀ। ਉਹ ਬਾਹਰ ਜਾਣ ਵਾਲੇ ਦਰਵਾਜ਼ੇ ਦੇ ਕੋਲ ਲਗਭਗ ਪਹੁੰਚ ਹੀ ਗਏ ਸਨ ਜਦੋਂ ਕੁੜੀਆਂ ਭੱਜ ਕੇ ਉਸਦੇ ਕੋਲ ਆ ਪੁੱਜੀਆਂ, ਯਾਨੀ ਕੇ. ਉਨ੍ਹਾਂ ਤੋਂ ਬਚ ਨਹੀਂ ਸਕਿਆ ਸੀ। ਉਹਨਾਂ ਨੇ ਸਟੂਡੀਓ ਦਾ ਦੂਜੇ ਬੂਹਾ ਖੁੱਲ੍ਹਦੇ ਹੋਏ ਵੇਖ ਲਿਆ ਸੀ ਅਤੇ ਇਸ ਪਾਸੇ ਨਿਕਲਣ ਵਾਲੇ ਰਸਤੇ ਨੂੰ ਵੀ ਪਛਾਣ ਲਿਆ ਸੀ।

"ਹੁਣ ਮੈਂ ਤੁਹਾਡੇ ਨਾਲ ਅੱਗੇ ਨਹੀਂ ਜਾ ਸਕਦਾ," ਤਿਤੋਰੇਲੀ ਚੀਕਿਆ, ਅਤੇ ਕੁੜੀਆਂ 'ਤੇ ਹੱਸ ਪਿਆ ਜਿਹੜੀਆਂ ਉਸਨੂੰ ਘੇਰੀ ਖੜ੍ਹੀਆਂ ਸਨ। "ਅਲਵਿਦਾ! ਅਤੇ ਹੁਣ ਇਸ ਸਭ ਬਾਰੇ ਬਹੁਤਾ ਨਾ ਸੋਚਿਓ।"

ਕੇ. ਨੇ ਉਸ ਵੱਲ ਪਿੱਛੇ ਮੁੜ ਕੇ ਵੀ ਨਾ ਵੇਖਿਆ। ਗ਼ਲੀ ਵਿੱਚ ਸਭ ਤੋਂ ਪਹਿਲਾਂ ਉਸਨੂੰ ਜੋ ਵੀ ਤਾਂਗਾ ਮਿਲਿਆ, ਉਹ ਉਸਤੇ ਚੜ੍ਹ ਗਿਆ। ਉਹ ਅਰਦਲੀ ਤੋਂ ਦੂਰ ਹੋਣਾ ਚਾਹੁੰਦਾ ਸੀ, ਜਿਸਦਾ ਸੁਨਹਿਰੀ ਬਟਨ ਉਸਦੀਆਂ ਅੱਖਾਂ ਵਿੱਚ ਚੁਭ ਰਿਹਾ ਸੀ, ਹਾਲਾਂਕਿ ਇਹ ਕਿਸੇ ਦੂਜੇ ਦਾ ਧਿਆਨ ਨਹੀਂ ਖਿੱਚ ਰਿਹਾ ਸੀ। ਅਰਦਲੀ ਇੰਨਾ ਉਤਾਵਲਾ ਸੀ ਕਿ ਉਹ ਚਾਲਕ ਦੇ ਨਾਲ ਬਕਸੇ 'ਤੇ ਬੈਠਣਾ ਚਾਹੁੰਦਾ ਸੀ, ਪਰ ਕੇ. ਨੇ ਉਸਨੂੰ ਹੇਠਾਂ ਉਤਾਰ ਦਿੱਤਾ। ਦੁਪਹਿਰ ਦੇ ਮਗਰੋਂ ਕਾਫ਼ੀ ਵਕਤ ਲੰਘ ਗਿਆ ਸੀ, ਜਦੋਂ ਕੇ. ਆਪਣੇ ਬੈਂਕ ਵਿੱਚ ਪੁੱਜਾ। ਉਹ ਉਨ੍ਹਾਂ ਤਸਵੀਰਾਂ ਨੂੰ ਤਾਂਗੇ ਵਿਚ ਛੱਡ ਦੇਣਾ ਚਾਹੁੰਦਾ ਸੀ ਪਰ ਉਸਨੂੰ ਇਹ ਮਹਿਸੂਸ ਹੋਇਆ ਕਿ ਜੇਕਰ ਭਵਿੱਖ ਵਿਚ ਕਦੇ ਚਿੱਤਰਕਾਰ ਨੂੰ ਆਪਣੀ ਪਛਾਣ ਦੱਸਣੀ ਪਈ ਤਾਂ ਇੰਨ੍ਹਾਂ ਦੀ ਲੋੜ ਪੈ ਸਕਦੀ ਸੀ। ਇਸ ਲਈ ਉਹ ਇੰਨ੍ਹਾਂ ਨੂੰ ਆਪਣੇ ਦਫ਼ਤਰ ਵਿੱਚ ਲੈ ਗਿਆ

214॥ ਮੁਕੱਦਮਾ