ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/212

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਉੱਪਰ ਕੇਂਦਰਿਤ ਕਰਦੇ ਹੋਏ ਕਿਹਾ, ਜਿਵੇਂ ਉਸਨੂੰ ਆਪਣੀ ਇਸ ਹਾਲਤ ਦਾ ਹੁਣ ਪਤਾ ਲੱਗਾ ਹੋਵੇ।

"ਲੇਨੀ ਤੁਹਾਡੀ ਪ੍ਰੇਮਿਕਾ ਹੈ?" ਕੇ. ਨੇ ਟੇਢੀ ਨਿਗ੍ਹਾ ਜਿਹੀ ਮਾਰ ਕੇ ਪੁੱਛਿਆ। ਉਹ ਆਪਣੀਆਂ ਲੱਤਾਂ ਥੋੜ੍ਹੀਆਂ ਚੌੜੀਆਂ ਕਰਕੇ ਖੜ੍ਹਾ ਹੋਇਆ ਸੀ ਅਤੇ ਉਸਦੇ ਹੱਥ ਪਿੱਠ ਪਿੱਛੇ ਕੀਤੇ ਹੋਏ ਸਨ ਜਿੰਨ੍ਹਾਂ ਵਿੱਚ ਉਸਨੇ ਆਪਣਾ ਹੈਟ ਫੜ੍ਹਿਆ ਹੋਇਆ ਸੀ। ਉਸਦੇ ਕੋਲ ਸਿਰਫ਼ ਇਸ ਓਵਰਕੋਟ ਦੀ ਵਜ੍ਹਾ ਨਾਲ ਹੀ ਉਹ ਆਪਣੇ-ਆਪ ਨੂੰ ਉਸ ਨਾਲੋਂ ਬਿਹਤਰ ਸਮਝ ਰਿਹਾ ਸੀ।

"ਓਹ ਰੱਬਾ! ਨਹੀਂ, ਨਹੀਂ," ਉਸ ਆਦਮੀ ਨੇ ਆਪਣਾ ਇੱਕ ਹੱਥ ਆਪਣੇ ਚਿਹਰੇ ਦੇ ਸਾਹਮਣੇ ਆਤਮਰੱਖਿਆ ਦੇ ਅੰਦਾਜ਼ ਵਿੱਚ ਕਰਦੇ ਹੋਏ ਕਿਹਾ, "ਨਹੀਂ, ਤੁਸੀਂ ਇਹ ਕੀ ਸੋਚ ਰਹੇ ਹੋ?"

"ਠੀਕ ਹੈ, ਮੈਨੂੰ ਤੇਰੇ 'ਤੇ ਯਕੀਨ ਕਰ ਰਿਹਾ ਹਾਂ, ਕੇ. ਨੇ ਮੁਸਕੁਰਾਉਂਦੇ ਹੋਏ ਕਿਹਾ। "ਜਿਵੇਂ ਵੀ ਹੈ, ਮੇਰੇ ਨਾਲ ਆ।" ਉਸਨੇ ਆਪਣਾ ਹੈਟ ਹਿਲਾਕੇ ਉਸ ਆਦਮੀ ਨੂੰ ਆਪਣੇ ਅੱਗੇ ਚੱਲਣ ਲਈ ਕਿਹਾ। "ਤਾਂ ਤੇਰਾ ਨਾਂ ਕੀ ਹੈ?" ਨਾਲ ਤੁਰਦੇ ਹੋਏ ਕੇ. ਨੇ ਪੁੱਛਿਆ।

"ਬਲੌਕ, ਮੈਂ ਇੱਕ ਵਪਾਰੀ ਹਾਂ," ਉਸ ਮਧਰੇ ਆਦਮੀ ਨੇ ਜਵਾਬ ਦਿੱਤਾ। ਉਹ ਆਪਣੀ ਜਾਣ-ਪਛਾਣ ਦੱਸਣ ਲਈ ਪਿੱਛੇ ਮੁੜਨ ਦੀ ਤਿਆਰੀ ਵਿੱਚ ਸੀ, ਪਰ ਕੇ. ਨੇ ਉਸਨੂੰ ਰੁਕਣ ਨਹੀਂ ਦਿੱਤਾ।

"ਕੀ ਇਹ ਤੇਰਾ ਅਸਲ ਨਾਂ ਹੈ?" ਕੇ. ਨੇ ਪੁੱਛਿਆ।

"ਹਾਂ, ਇਹੀ ਹੈ, ਜਵਾਬ ਮਿਲਿਆ, "ਇਸ 'ਤੇ ਤੁਹਾਨੂੰ ਕੋਈ ਸ਼ੱਕ ਹੈ?"

"ਮੈਂ ਸੋਚਿਆ ਆਪਣਾ ਨਾਂ ਛੁਪਾਉਣ ਦੇ ਲਈ ਤੇਰੇ ਕੋਲ ਢੁੱਕਵੇਂ ਕਾਰਨ ਹਨ," ਕੇ. ਨੇ ਕਿਹਾ। ਉਹ ਕਾਫ਼ੀ ਸਹਿਜ ਹਾਲਤ ਵਿੱਚ ਸੀ, ਜਿਵੇਂ ਕਿ ਆਮ ਤੌਰ ਤੇ ਉਦੋਂ ਹੁੰਦਾ ਹੈ ਜਦੋਂ ਉਹ ਵਿਦੇਸ਼ ਵਿੱਚ ਆਪਣੇ ਤੋਂ ਕਿਸੇ ਘੱਟ ਦਰਜੇ ਵਾਲੇ ਆਦਮੀ ਨਾਲ ਗੱਲ ਕਰ ਰਿਹਾ ਹੋਵੇ, ਜਦੋਂ ਉਹ ਆਪਣੀ ਗੱਲ ਤਾਂ ਕਿਸੇ ਨੂੰ ਵੀ ਨਹੀਂ ਦੱਸਦਾ ਪਰ ਦੂਜਿਆਂ ਤੇ ਮਸਲਿਆਂ 'ਤੇ ਚਰਚਾ ਕਰ ਰਿਹਾ ਹੁੰਦਾ ਹੈ, ਜਿਸਦਾ ਮਹੱਤਵ ਉਹ ਆਪਣੇ ਆਪ ਵਧਾ-ਚੜ੍ਹਾ ਦਿੰਦਾ ਹੈ ਤਾਂ ਕਿ ਆਪਣੀ ਮਰਜ਼ੀ ਦੇ ਅਨੁਸਾਰ ਉਸਨੂੰ ਘਟਾਇਆ ਜਾ ਸਕੇ। ਕੇ. ਵਕੀਲ ਦੇ ਅਧਿਐਨ ਕਮਰੇ ਦੇ ਕੋਲ ਆ ਕੇ ਰੁਕ ਗਿਆ, ਇਸਨੂੰ ਖੋਲ੍ਹਿਆ ਅਤੇ ਬਲੌਕ ਨੂੰ ਆਵਾਜ਼ ਮਾਰੀ ਜੋ ਕਿ ਆਗਿਆਕਾਰੀ ਭਾਵ ਨਾਲ ਉਸਤੋਂ ਅੱਗੇ ਜਾ ਚੁੱਕਾ ਸੀ।

218॥ ਮੁਕੱਦਮਾ