ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/216

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਵਾਂ ਜਾਂ ਸੂਪ ਪਹਿਲਾਂ ਦੇ ਆਵਾਂ?"

"ਓਹ, ਪਹਿਲਾਂ ਮੇਰੇ ਬਾਰੇ ਵਿੱਚ ਦੱਸ ਕੇ ਆ," ਕੇ. ਨੇ ਕਿਹਾ। ਉਹ ਨਰਾਜ਼ ਸੀ ਕਿਉਂਕਿ ਉਹ ਇਸ ਸਾਰੇ ਮਸਲੇ 'ਤੇ ਪਹਿਲਾਂ ਲੇਨੀ ਨਾਲ ਚਰਚਾ ਕਰਨੀ ਚਾਹੁੰਦਾ ਸੀ, ਖ਼ਾਸ ਕਰਕੇ ਵਕੀਲ ਨੂੰ ਹਟਾ ਦਿੱਤੇ ਜਾਣ ਵਾਲੇ ਚਰਚਾ-ਯੋਗ ਵਿਚਾਰ 'ਤੇ, ਪਰ ਉਸ ਵਪਾਰੀ ਦੀ ਹਾਜ਼ਰੀ ਨੇ ਉਸਦਾ ਮੂਡ ਬਦਲ ਦਿੱਤਾ ਸੀ। ਹਾਲਾਂਕਿ ਉਸਨੂੰ ਹੁਣ ਮਹਿਸੂਸ ਹੋਇਆ ਕਿ ਉਸਦੇ ਲਈ ਉਸਦਾ ਆਪਣਾ ਕੰਮ ਹੀ ਇਸ ਵਪਾਰੀ ਦੀ ਮਹਿਜ਼ ਹਾਜ਼ਰੀ ਤੋਂ ਵਧੇਰੇ ਜ਼ਰੂਰੀ ਸੀ, ਇਸ ਲਈ ਉਸਨੇ ਲੇਨੀ ਨੂੰ, ਜੋ ਅਜੇ ਤੱਕ ਗਲਿਆਰੇ ਵਿੱਚ ਹੀ ਜਾ ਰਹੀ ਸੀ, ਵਾਪਸ ਬੁਲਾਇਆ।

"ਪਹਿਲਾਂ ਉਸਨੂੰ ਸੂਪ ਦੇ ਆ," ਉਸਨੇ ਕਿਹਾ, "ਤਾਂ ਕਿ ਉਹ ਮੇਰੇ ਨਾਲ ਗੱਲਬਾਤ ਕਰਨ ਲਈ ਤਿਆਰ ਹੋ ਸਕੇ।"

"ਤਾਂ ਤੁਸੀਂ ਵਕੀਲ ਸਾਹਬ ਦੇ ਮੁੱਦਈ ਹੋਂ," ਬਲੌਕ ਨੇ ਉਸ ਕੋਨੇ ਵਿੱਚ ਬੈਠੇ-ਬੈਠੇ ਕਿਹਾ, ਜਿਵੇਂ ਉਸਨੂੰ ਇਸ ਬਾਰੇ ਕੋਈ ਸ਼ੰਕਾ ਹੋਵੇ। ਪਰ ਉਸਦਾ ਇਹ ਬਿਆਨ ਠੀਕ ਤਰ੍ਹਾਂ ਨਾਲ ਨਹੀਂ ਲਿਆ ਗਿਆ।

ਤੈਨੂੰ ਇਸ ਨਾਲ ਕੀ ਮਤਲਬ?" ਕੇ. ਨੇ ਕਿਹਾ, ਇਸ ਵਿੱਚ ਲੇਨੀ ਨੇ ਜੋੜਿਆ, "ਤੂੰ ਚੁੱਪ ਰਹਿ। ਮੈਂ ਉਸਦਾ ਸੂਪ ਪਹਿਲਾਂ ਦੇ ਆਉਂਦੀ ਹਾਂ," ਉਹ ਕੇ. ਨੂੰ ਬੋਲੀ ਅਤੇ ਸੂਪ ਨੂੰ ਪਲੇਟ ਵਿੱਚ ਪਾ ਲਿਆ। "ਮੁਸ਼ਕਿਲ ਇਹ ਹੈ ਕਿ ਉਹ ਛੇਤੀ ਹੀ ਸੌਂ ਜਾਂਦਾ ਹੈ। ਖਾਣ ਦੇ ਪਿੱਛੋਂ ਉਸਨੂੰ ਨੀਂਦ ਆਉਣ ਵਿੱਚ ਬਹੁਤਾ ਸਮਾਂ ਨਹੀਂ ਲੱਗਦਾ।"

"ਮੈਂ ਉਸਨੂੰ ਜੋ ਵੀ ਕਹਿਣ ਵਾਲਾ ਹਾਂ, ਉਸ ਨਾਲ ਤਾਂ ਉਸਦੀ ਨੀਂਦ ਉੱਡ ਹੀ ਜਾਣੀ ਹੈ," ਕੇ. ਨੇ ਕਿਹਾ। ਉਹ ਲਗਾਤਾਰ ਇਹ ਮਹਿਸੂਸ ਕਰਾਉਣਾ ਚਾਹੁੰਦਾ ਸੀ ਕਿ ਉਸਨੂੰ ਵਕੀਲ ਦੇ ਨਾਲ ਕੋਈ ਬਹੁਤ ਜ਼ਰੂਰੀ ਕੰਮ ਹੈ ਅਤੇ ਉਸ ਪਿੱਛੋਂ ਹੀ ਲੇਨੀ ਨਾਲ ਵਿਚਾਰ ਕਰੇਗਾ। ਪਰ ਉਸਨੇ ਤਾਂ ਸਿਰਫ਼ ਉਹੀ ਕੀਤਾ ਜੋ ਕੇ. ਨੇ ਉਸਨੂੰ ਕਿਹਾ ਸੀ। ਜਿਵੇਂ ਹੀ ਸੂਪ ਲੈ ਕੇ ਉਸਦੇ ਕੋਲੋ ਲੰਘੀ, ਉਹ ਜਾਣ-ਬੁੱਝ ਕੇ ਉਸ ਨਾਲ ਟਕਰਾਈ ਅਤੇ ਉਸਦੇ ਕੰਨ ਵਿੱਚ ਫੁਸਫੁਸਾਈ- "ਜਿਵੇਂ ਹੀ ਉਹ ਆਪਣਾ ਸੂਪ ਖ਼ਤਮ ਕਰੇਗਾ, ਮੈਂ ਉਸਨੂੰ ਦੱਸ ਦੇਵਾਂਗੀ ਕਿ ਤੂੰ ਇੱਥੇ ਹੈਂ।"

"ਛੇਤੀ ਜਾ।" ਕੇ. ਨੇ ਕਿਹਾ।

"ਜ਼ਰਾ ਚੰਗੀ ਤਰ੍ਹਾਂ ਪੇਸ਼ ਆ।" ਸੂਪ ਦੀ ਪਲੇਟ ਫੜ੍ਹੀ ਬੂਹੇ ਦੇ ਕੋਲ ਤੁਰਦੇ ਹੋਏ ਉਹ ਪਿੱਛੇ ਮੁੜਕੇ ਬੋਲੀ।

222॥ ਮੁਕੱਦਮਾ