ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/217

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੇ. ਉਸਨੂੰ ਜਾਂਦੀ ਹੋਈ ਵੇਖਦਾ ਰਿਹਾ। ਅੰਤ ਫ਼ੈਸਲਾ ਲੈ ਲਿਆ ਗਿਆ ਸੀ ਕਿ ਉਹ ਵਕੀਲ ਨੂੰ ਬਰਖ਼ਾਸਤ ਕਰ ਦੇਵੇਗਾ, ਅਤੇ ਸ਼ਾਇਦ ਇਹ ਚੰਗਾ ਹੀ ਹੋਇਆ ਕਿ ਉਹ ਲੇਨੀ ਨਾਲ਼ ਇਸ ਮਸਲੇ 'ਤੇ ਗੱਲ ਨਹੀਂ ਕਰ ਸਕਿਆ। ਇਸ ਸਾਰੇ ਮਸਲੇ ਨੂੰ ਉਹ ਚੰਗੀ ਤਰ੍ਹਾਂ ਨਹੀਂ ਸਮਝਦੀ ਅਤੇ ਉਹ ਉਸਨੂੰ ਅਜਿਹਾ ਕਰਨ ਤੋਂ ਰੋਕਦੀ। ਅਜਿਹੇ ਵੇਲੇ ਉਹ ਕੇ. ਦੇ ਲਈ ਅਜਿਹਾ ਬਿਲਕੁਲ ਨਾ ਹੋਣ ਦਿੰਦੀ ਅਤੇ ਇਸ ਨਾਲ ਫ਼ਿਰ ਕੇ. ਦੀਆਂ ਉਲਝਣਾਂ ਵਿੱਚ ਵਾਧਾ ਹੋ ਸਕਦਾ ਸੀ ਅਤੇ ਸ਼ਾਇਦ ਉਹ ਆਪਣਾ ਇਹ ਫ਼ੈਸਲਾ ਬਦਲ ਵੀ ਦੇਵੇ। ਪਰ ਇਸ ਵੇਲੇ ਉਹ ਆਪਣੇ ਇਸ ਫ਼ੈਸਲੇ ਨੂੰ ਨਹੀਂ ਬਦਲ ਸਕਦਾ ਸੀ। ਜਿੰਨੀ ਜਲਦੀ ਉਹ ਇਹ ਫ਼ੈਸਲੇ ਨੂੰ ਅਮਲ ਵਿੱਚ ਲਿਆਉਂਦਾ ਹੈ, ਉਨਾ ਹੀ ਉਸਦਾ ਨੁਕਸਾਨ ਤੋਂ ਬਚਾਅ ਹੋਵੇਗਾ। ਅਤੇ ਸ਼ਾਇਦ ਇਹ ਵਪਾਰੀ ਇਸ ਮਸਲੇ ਵਿੱਚ ਉਸਦੀ ਕੁੱਝ ਮਦਦ ਕਰ ਸਕੇ।

ਕੇ. ਘੁੰਮ ਗਿਆ ਅਤੇ ਉਸਨੇ ਜਦੋਂ ਵਪਾਰੀ ਨੂੰ ਵੇਖਿਆ ਤਾਂ ਉਹ ਖੜ੍ਹਾ ਹੋ ਰਿਹਾ ਸੀ। "ਉੱਥੇ ਹੀ ਰਹਿ, ਜਿੱਥੇ ਹੈਂ," ਕੇ. ਨੇ ਇੱਕ ਕੁਰਸੀ ਖਿੱਚ ਕੇ ਕਿਹਾ, "ਕੀ ਤੂੰ ਵਕੀਲ ਦਾ ਪੁਰਾਣਾ ਮੁੱਦਈ ਏਂ?" ਉਸਨੇ ਪੁੱਛਿਆ।

"ਹਾਂ, ਵਪਾਰੀ ਨੇ ਜਵਾਬ ਦਿੱਤਾ- "ਬਹੁਤ ਪੁਰਾਣਾ।"

"ਤਾਂ ਕਿੰਨੇ ਸਾਲਾਂ ਤੋਂ ਉਹ ਤੇਰੀ ਨਮਾਇੰਦਗੀ ਕਰ ਰਿਹਾ ਹੈ?" ਕੇ. ਨੇ ਪੁੱਛਿਆ।

"ਮੈਂ ਸਮਝ ਗਿਆ ਕਿ ਤੁਹਾਡਾ ਕੀ ਮਤਲਬ ਹੈ," ਵਪਾਰੀ ਨੇ ਕਿਹਾ, "ਮੇਰਾ ਅਨਾਜ ਦਾ ਵਪਾਰ ਹੈ ਅਤੇ ਜਦੋਂ ਤੋਂ ਮੈਂ ਇਸ ਵਿੱਚ ਲੱਗਾ ਹਾਂ ਉਦੋਂ ਤੋਂ ਹੀ ਇਹ ਵਕੀਲ ਸਾਹਬ ਮੇਰਾ ਕੰਮ ਵੇਖ ਰਹੇ ਹਨ। ਮੇਰੇ ਵਿਅਕਤੀਗਤ ਕੇਸ ਵਿੱਚ ਜਿਸਦੇ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋਂ, ਵਿੱਚ ਵੀ ਇਹ ਸ਼ੁਰੂਆਤ ਤੋਂ ਲੈ ਕੇ ਮੇਰੀ ਨੁਮਾਇੰਦਗੀ ਕਰ ਰਹੇ ਹਨ। ਇਸਨੂੰ ਪੰਜ ਸਾਲ ਹੋ ਗਏ ਹਨ। ਹਾਂ, ਪੰਜਾਂ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ।" ਇਹ ਕਹਿੰਦਿਆਂ ਉਸਨੇ ਜੇਬ ਵਿੱਚੋਂ ਛੋਟੀ ਜਿਹੀ ਡਾਇਰੀ ਕੱਢ ਲਈ। "ਮੈਂ ਇਹ ਸਭ ਲਿਖਿਆ ਹੈ। ਮੈਂ ਤੁਹਾਨੂੰ ਬਿਲਕੁਲ ਠੀਕ ਤਾਰੀਕ ਦੱਸ ਸਕਦਾ ਹਾਂ, ਜੇਕਰ ਤੁਸੀਂ ਇਸ ਵਿੱਚ ਦਿਲਚਸਪੀ ਰੱਖਦੇ ਹੋਂ। ਇਹ ਸਾਰੀਆਂ ਗੱਲਾਂ ਨੂੰ ਯਾਦ ਰੱਖਣਾ ਬਹੁਤ ਔਖਾ ਹੈ। ਮੇਰਾ ਕੇਸ ਤਾਂ ਬਹੁਤ ਸਮੇਂ ਤੋਂ ਚੱਲ ਰਿਹਾ ਹੈ, ਜਿੰਨਾ ਮੈਂ ਕਿਹਾ ਹੈ, ਉਸਤੋਂ ਵੀ ਵਧੇਰੇ ਸਮੇਂ ਤੋਂ। ਇਹ ਮੇਰੀ ਪਤਨੀ ਦੀ ਮੌਤ ਤੋਂ ਫ਼ੌਰਨ ਬਾਅਦ ਸ਼ੁਰੂ ਹੋ ਗਿਆ ਸੀ ਅਤੇ ਇਸ ਗੱਲ ਨੂੰ ਸਾਢੇ ਪੰਜ ਸਾਲ ਤੋਂ ਜ਼ਿਆਦਾ ਅਰਸਾ ਬੀਤ ਚੁੱਕਾ ਹੈ।"

223॥ ਮੁਕੱਦਮਾ