ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/218

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੇ. ਉਸਦੇ ਕੋਲ ਆ ਗਿਆ, "ਤਾਂ ਇਹ ਵਕੀਲ ਸਾਧਾਰਨ ਕਾਨੂੰਨੀ ਕੇਸ ਵੀ ਲੈ ਲੈਂਦਾ ਹੈ?" ਉਸਨੇ ਪੁੱਛਿਆ। ਅਦਾਲਤ ਅਤੇ ਕਾਨੂੰਨ ਵਿਚਲਾ ਇਹ ਮੇਲ ਕੇ. ਨੂੰ ਤਸੱਲੀ ਦਿੰਦਾ ਜਾਪਿਆ।

"ਹਾਂ," ਬਲੌਕ ਨੇ ਕਿਹਾ, ਅਤੇ ਕੇ. ਦੇ ਵੱਲ ਫੁਸਫੁਸਾਉਣ ਲੱਗਾ, "ਕਿਹਾ ਜਾਂਦਾ ਹੈ ਕਿ ਇਨ੍ਹਾਂ ਸਾਧਾਰਨ ਕੇਸਾਂ ਵਿੱਚ ਉਹ ਦੂਜੇ ਕੇਸਾਂ ਦੇ ਮੁਕਾਬਲੇ ਵਧੇਰੇ ਚੰਗਾ ਹੈ।" ਪਰ ਫ਼ਿਰ ਜਿਵੇਂ ਉਸਨੂੰ ਆਪਣੇ ਕਹੇ ’ਤੇ ਅਫ਼ਸੋਸ ਹੋਇਆ, ਤਾਂ ਉਸਨੇ ਕੇ. ਦੇ ਮੋਢੇ ਤੇ ਹੱਥ ਰੱਖਕੇ ਕਿਹਾ-"ਮੇਰੀ ਬੇਨਤੀ ਹੈ ਕਿ ਤੁਸੀਂ ਇਹ ਕਿਸੇ ਨੂੰ ਦੱਸਣਾ ਨਹੀਂ ਹੈ।"

ਕੇ. ਨੇ ਉਸਨੂੰ ਥਪਥਪਾ ਕੇ, ਭਰੋਸਾ ਦਿੰਦੇ ਹੋਏ ਕਿਹਾ- "ਨਹੀਂ ਮੈਂ ਲੋਕਾਂ ਦੇ ਨਾਲ ਧੋਖਾ ਨਹੀਂ ਕਰਦਾ।"

"ਸ਼ਾਇਦ ਤੁਹਾਨੂੰ ਪਤਾ ਨਹੀਂ ਹੈ ਕਿ ਉਹ ਬਦਲੇ ਦੀ ਭਾਵਨਾ ਰੱਖਦਾ ਹੈ।" ਵਪਾਰੀ ਨੇ ਕਿਹਾ।

"ਪਰ ਤੇਰੇ ਜਿਹੇ ਆਗਿਆਕਾਰੀ ਮੁੱਦਈ ਦੇ ਨਾਲ ਉਹ ਵਧੇਰੇ ਕੁੱਝ ਕਰ ਨਹੀਂ ਸਕੇਗਾ। ਕੇ. ਬੋਲਿਆ।

"ਓਹ, ਪਰ ਉਹ ਕੁੱਝ ਵੀ ਕਰ ਸਕਦਾ ਹੈ," ਵਪਾਰੀ ਨੇ ਕਿਹਾ, "ਇੱਕ ਵਾਰ ਜਦੋਂ ਉਸਨੂੰ ਗੁੱਸਾ ਆ ਜਾਵੇ ਤਾਂ ਫ਼ਿਰ ਉਸਨੂੰ ਕੋਈ ਫ਼ਰਕ ਨਹੀਂ ਪੈਂਦਾ। ਫ਼ਿਰ ਮੈਂ ਉਸਦੇ ਪ੍ਰਤੀ ਇੰਨਾ ਆਗਿਆਕਾਰੀ ਵੀ ਨਹੀਂ ਹਾਂ, ਜਿੰਨਾ ਕਿ ਤੁਹਾਨੂੰ ਲੱਗਦਾ ਹੈ।"

"ਤੇਰੇ ਮਤਲਬ ਕੀ ਹੈ?" ਕੇ. ਨੇ ਕਿਹਾ।

"ਮੈਂ ਤੁਹਾਨੂੰ ਦੱਸ ਨਹੀਂ ਸਕਾਂਗਾ," ਬਲੌਕ ਨੇ ਕੁੱਝ ਸ਼ੱਕੀ ਜਿਹੇ ਭਾਵ ਨਾਲ ਕਿਹਾ।

"ਮੈਂ ਸਮਝਦਾ ਹਾਂ ਕਿ ਤੂੰ ਦੱਸ ਸਕਦਾ ਏਂ।" ਕੇ. ਬੋਲਿਆ।

"ਠੀਕ ਹੈ," ਵਪਾਰੀ ਨੇ ਕਿਹਾ, "ਮੈਂ ਥੋੜ੍ਹਾ ਬਹੁਤ ਦੱਸ ਦਿੰਦਾ ਹਾਂ, ਪਰ ਤੁਹਾਨੂੰ ਵੀ ਮੈਨੂੰ ਇੱਕ ਰਹੱਸ ਦੱਸਣਾ ਪਵੇਗਾ, ਤਾਂਕਿ ਵਕੀਲ ਨੂੰ ਲੈ ਕੇ ਅਸੀਂ ਇੱਕ ਦੂਜੇ ਤੇ ਵਿਸ਼ਵਾਸ ਕਰ ਸਕੀਏ।"

"ਤੂੰ ਕੁੱਝ ਵਧੇਰੇ ਹੀ ਸਾਵਧਾਨ ਲੱਗ ਰਿਹਾ ਏਂ," ਕੇ. ਬੋਲਿਆ- "ਪਰ ਮੈਂ ਤੈਨੂੰ ਇੱਕ ਅਜਿਹਾ ਰਹੱਸ ਦੱਸਾਂਗਾ ਜੋ ਤੈਨੂੰ ਬਿਲਕੁਲ ਬੇਫ਼ਿਕਰ ਕਰ ਦੇਵੇਗਾ। ਹੁਣ ਮੈਨੂੰ ਦੱਸ ਕਿ ਤੂੰ ਵਕੀਲ ਦੇ ਪ੍ਰਤੀ ਧੋਖੇਬਾਜ਼ ਕਿਵੇਂ ਰਿਹਾ ਏਂ?"

224॥ ਮੁਕੱਦਮਾ