ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/233

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਸ਼ਾਨਾ ਲੈ ਕੇ. ਦੇ ਪਿੱਛੇ ਭੱਜ ਪਈ। ਪਰ ਇਸਤੋਂ ਪਹਿਲਾਂ ਕਿ ਲੇਨੀ ਉਸਨੂੰ ਫੜ੍ਹ ਸਕਦੀ, ਉਹ ਪਹਿਲਾਂ ਹੀ ਵਕੀਲ ਦੇ ਕਮਰੇ ਵਿੱਚ ਪਹੁੰਚ ਚੁੱਕਾ ਸੀ। ਆਪਣੇ ਪਿੱਛੇ ਉਸਨੇ ਦਰਵਾਜ਼ਾ ਬੰਦ ਹੀ ਕਰ ਦਿੱਤਾ ਸੀ, ਪਰ ਲੇਨੀ ਨੇ ਦਰਵਾਜ਼ੇ ਦੇ ਵਿਚਾਲੇ ਆਪਣਾ ਪੈਰ ਫਸਾ ਦਿੱਤਾ ਸੀ ਅਤੇ ਇਸਨੂੰ ਖੁੱਲ੍ਹਾ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ, ਉਸਨੇ ਉਸਦੀ ਬਾਂਹ ਫੜ੍ਹ ਲਈ ਸੀ ਅਤੇ ਉਸਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਨੇ ਉਸਦੀ ਕਲਾਈ ਨੂੰ ਇੰਨੀ ਬੁਰੀ ਤਰ੍ਹਾਂ ਮਰੋੜ ਦਿੱਤਾ ਸੀ ਕਿ ਉਸਦੀ ਪਕੜ ਢਿੱਲੀ ਪੈ ਗਈ ਅਤੇ ਉਹ ਅੰਦਰ ਚਲਾ ਗਿਆ। ਹੁਣ ਲੇਨੀ ਨੇ ਅੰਦਰ ਆਉਣ ਦੀ ਹਿੰਮਤ ਨਹੀਂ ਕੀਤੀ, ਹਾਲਾਂਕਿ ਕੇ. ਨੇ ਬੂਹਾ ਬੰਦ ਕਰਕੇ ਚਾਬੀ ਘੁਮਾ ਦਿੱਤੀ ਸੀ।

"ਮੈਂ ਤਾਂ ਕਿੰਨੀ ਦੇਰ ਤੋਂ ਤੇਰੀ ਉਡੀਕ ਕਰ ਰਹੀ ਸੀ," ਵਕੀਲ ਨੇ ਉਸ ਕਾਗਜ਼ ਨੂੰ ਪਾਸੇ ਰੱਖਦੇ ਹੋਏ, ਜਿਸਨੂੰ ਅਜੇ ਤੱਕ ਉਹ ਮੋਮਬੱਤੀ ਦੀ ਰੌਸ਼ਨੀ ਵਿੱਚ ਪੜ੍ਹ ਰਿਹਾ ਸੀ, ਆਪਣੇ ਬਿਸਤਰੇ ਦੇ ਵਿੱਚੋਂ ਕਿਹਾ ਅਤੇ ਆਪਣੀਆਂ ਅੱਖਾਂ ਤੇ ਐਨਕ ਲਾਉਂਦੇ ਹੋਏ ਉਹ ਧਿਆਨ ਨਾਲ ਕੇ. ਨੂੰ ਵੇਖਣ ਲੱਗਾ। ਅਫ਼ਸੋਸ ਜਾਹਰ ਕਰਨ ਦੇ ਬਜਾਏ ਕੇ. ਨੇ ਕਿਹਾ-

"ਮੈਂ ਕੁੱਝ ਸਮੇਂ ਵਿੱਚ ਹੀ ਜਾਣ ਵਾਲਾ ਹਾਂ," ਕਿਉਂਕਿ ਇਹ ਅਫ਼ਸੋਸਨਾਮਾ ਨਹੀਂ ਸੀ ਇਸ ਲਈ ਵਕੀਲ ਨੇ ਕੇ. ਦੀ ਇਸ ਟਿੱਪਣੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਕਿਹਾ-"ਦੋਬਾਰਾ ਕਦੇ ਵੀ ਮੈਂ ਤੈਨੂੰ ਇਸ ਤਰ੍ਹਾਂ ਦੇਰ ਨਾਲ ਆਉਣ 'ਤੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਦੇਵਾਂਗਾ।"

"ਇਸ ਨਾਲ ਮੈਨੂੰ ਰਾਹਤ ਮਿਲੇਗੀ, ਕੇ. ਨੇ ਕਿਹਾ ਅਤੇ ਵਕੀਲ ਨੇ ਉਸ ਵੱਲ ਸਵਾਲੀਆਂ ਨਜ਼ਰਾਂ ਨਾਲ ਵੇਖਿਆ।

"ਬੈਠ ਜਾਓ।" ਵਕੀਲ ਨੇ ਕਿਹਾ।

"ਤੂੰ ਅਜਿਹਾ ਚਾਹੁੰਦਾ ਏਂ ਤਾਂ," ਕੇ. ਨੇ ਬਿਸਤਰੇ ਦੇ ਕੋਲ ਕੁਰਸੀ ਖਿੱਚਦੇ ਹੋਏ ਕਿਹਾ।

"ਮੈਂ ਸੋਚ ਰਿਹਾ ਸੀ ਜਿਵੇਂ ਮੈਂ ਤੁਹਾਨੂੰ ਬੂਹਾ ਬੰਦ ਕਰਦੇ ਹੋਏ ਵੇਖਿਆ ਹੈ," ਵਕੀਲ ਬੋਲਿਆ।

"ਹਾਂ, ਕੇ. ਨੇ ਜਵਾਬ ਦਿੱਤਾ, "ਲੇਨੀ ਦੇ ਕਾਰਨ।" ਕੇ. ਹੁਣ ਕਿਸੇ ਨੂੰ ਬਖਸ਼ਣਾ ਨਹੀਂ ਚਾਹੁੰਦਾ ਸੀ। ਪਰ ਵਕੀਲ ਨੇ ਪੁੱਛਿਆ-

"ਕੀ ਉਹ ਤੈਨੂੰ ਫ਼ਿਰ ਤੰਗ ਕਰ ਰਹੀ ਸੀ?"

239॥ ਮੁਕੱਦਮਾ