ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਉਹ ਦੋਵੇਂ ਮੇਜ਼ ਦੇ ਆਰ-ਪਾਰ ਬੈਠੇ ਸਨ ਅਤੇ ਕੇ. ਕਦੇ-ਕਦੇ ਆਪਣਾ ਹੱਥ ਕੱਪੜਿਆਂ ਦੇ ਢੇਰ 'ਚ ਉਲਝਾਈ ਜਾਂਦਾ ਸੀ।

"ਬਹੁਤ ਕੰਮ ਪਿਆ ਹੈ।" ਉਹ ਬੋਲੀ, "ਦਿਨ ਦਾ ਸਮਾਂ ਤਾਂ ਕਿਰਾਏਦਾਰਾਂ ਦੇ ਕੰਮ ’ਚ ਹੀ ਲੰਘ ਜਾਂਦਾ ਹੈ, ਫ਼ਿਰ ਆਪਣੇ ਕੰਮ ਲਈ ਤਾਂ ਇਹ ਸ਼ਾਮਾਂ ਹੀ ਬਚਦੀਆਂ ਨੇ।"

"ਅੱਜ ਤਾਂ ਮੇਰੇ ਕਾਰਨ ਤੁਹਾਡਾ ਕੰਮ ਵੈਸੇ ਵੀ ਵੱਧ ਗਿਆ ਸੀ, ਕਿ ਨਹੀਂ?"

"ਓਹ!" ਉਸਨੇ ਕਿਹਾ ਅਤੇ ਇੱਕ ਵਾਰ ਫਿਰ ਆਪਣੇ ਆਪ ਨੂੰ ਰੋਕ ਲਿਆ-"ਇਸ ਲਈ ਹੀ ਮੈਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਸੀ।" ਉਹ ਫ਼ਿਰ ਆਪਣੇ ਰਫ਼ੂ 'ਚ ਉਲਝ ਗਈ ਅਤੇ ਕੇ. ਬੇਬਸੀ ਨਾਲ ਉਸਨੂੰ ਵੇਖਦਾ ਰਿਹਾ। ਉਸਨੇ ਸੋਚਿਆ ਕਿ ਮੇਰੇ ਇਸ ਤਰ੍ਹਾਂ ਕਹਿਣ ਨਾਲ ਉਹ ਹੈਰਾਨ ਲੱਗਦੀ ਹੈ। ਅਸਲ 'ਚ ਉਹਨੇ ਅਜਿਹਾ ਸੋਚਿਆ ਵੀ ਨਹੀਂ ਹੋਏਗਾ ਕਿ ਮੈਂ ਇਹ ਸਭ ਕਹਿ ਦੇਵਾਗਾਂ। ਪਰ ਮੈਂ ਜੋ ਕਿਹਾ ਉਹ ਜ਼ਰੂਰੀ ਵੀ ਹੈ। ਇਹ ਤਾਂ ਐਹੋ ਜਿਹੀ ਬੁੱਢੀ ਔਰਤ ਨਾਲ ਹੈ ਹੀ ਕਿ ਘੱਟ ਤੋਂ ਘੱਟ ਮੈਂ ਇਸ ਬਾਰੇ 'ਚ ਗੱਲ ਤਾਂ ਕਰ ਸਕਦਾ ਹਾਂ।

"ਪਰ ਇਸ ਨਾਲ ਤੁਹਾਡਾ ਕੰਮ ਤਾਂ ਵਧ ਗਿਆ ਸੀ।" ਉਹ ਬੋਲਦਾ ਰਿਹਾ-"ਪਰ ਹੁਣ ਇਹ ਦੋਬਾਰਾ ਨਹੀਂ ਹੋਵੇਗਾ।"

"ਨਹੀਂ, ਇਹ ਸਭ ਫ਼ਿਰ ਨਹੀਂ ਹੋ ਸਕਦਾ।" ਉਸਨੇ ਕਿਹਾ ਅਤੇ ਉਦਾਸ ਜਿਹੇ ਕੇ. ਦੇ ਚਿਹਰੇ ਵੱਲ ਤੱਕਦੀ ਮੁਸਕਰਾਂਦੀ ਰਹੀ।

"ਕੀ ਤੁਸੀਂ ਇਹ ਸੱਚੀਂ ਮੰਨਦੇ ਹੋਂ?" ਉਸਨੇ ਪੁੱਛਿਆ।

"ਹਾਂ! ਉਹ ਵਧੇਰੇ ਕੋਮਲਤਾ ਨਾਲ ਬੋਲੀ- "ਪਰ ਤੁਹਾਨੂੰ ਇਹ ਸਭ ਦਿਲ ਨਾਲ ਨਹੀਂ ਲਾਉਣਾ ਚਾਹੀਦਾ। ਕੇ.! ਮੈਂ ਬੂਹੇ ਦੇ ਪਿੱਛੋਂ ਸਭ ਕੁੱਝ ਸੁਣ ਲਿਆ ਸੀ ਅਤੇ ਇਸ ਤੋਂ ਬਿਨ੍ਹਾਂ ਵਾਰਡਰਾਂ ਨੇ ਮੈਨੂੰ ਕੁੱਝ ਦੱਸਿਆ ਸੀ। ਤੁਹਾਡੀ ਸੁਖ ਸ਼ਾਂਤੀ ਨੂੰ ਖ਼ਤਰਾ ਹੈ ਅਤੇ ਮੈਨੂੰ ਇਸ ਦੀ ਕਾਫ਼ੀ ਫ਼ਿਕਰ ਹੋ ਰਹੀ ਹੈ। ਜ਼ਿਆਦਾ ਇਸ ਲਈ ਕਿ ਮੈਂ ਤਾਂ ਸਿਰਫ਼ ਤੁਹਾਡੀ ਮਕਾਨ ਮਾਲਕਿਨ ਹਾਂ। ਇਸ ਲਈ ਉਦੋਂ ਮੈਂ ਕੁੱਝ ਗੱਲਾਂ ਤਾਂ ਸੁਣੀਆਂ ਸਨ ਪਰ ਮੈਂ ਇਹ ਕਹਿ ਤਾਂ ਨਹੀਂ ਸਕਦੀ। ਕਿਉਂਕਿ ਉਹ ਸਭ ਖ਼ਾਸ ਤੌਰ ’ਤੇ ਕਾਫ਼ੀ ਖ਼ਰਾਬ ਸੀ। ਮੈਂ ਮੰਨਦੀ ਹਾਂ ਕਿ ਤੁਸੀਂ ਗਿਰਫ਼ਤਾਰ ਹੋਂ ਪਰ ਅਜਿਹਾ ਨਹੀਂ ਹੈ ਕਿ ਤੁਸੀਂ ਕਿਸੇ ਚੋਰ ਦੇ ਵਾਂਗ ਗਿਰਫ਼ਤਾਰ ਹੋਵੋਂ। ਜੇ ਕੋਈ ਚੋਰ ਦੇ ਵਾਂਗ ਗਿਰਫ਼ਤਾਰ ਹੋਵੇ ਤਾਂ ਇਹ ਬਹੁਤ ਬੁਰਾ ਹੈ। ਪਰ ਇਸ ਤਰ੍ਹਾਂ ਦੀ ਗਿਰਫ਼ਤਾਰੀ..... ਮੈਨੂੰ ਲੱਗ ਰਿਹਾ ਹੈ ਕਿ ਇਹ ਸਥਿਤੀ ਕੁੱਝ ਜ਼ਿਆਦਾ ਹੀ ਉਲਝ ਗਈ ਹੈ। ਜੇ ਮੇਰਾ

30