ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/247

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਪਰ ਤੁਸੀਂ ਬਚਣਾ ਕਿਉਂ ਚਾਹੁੰਦੇ ਹੋਂ?" ਲੇਨੀ ਨੇ ਪੁੱਛਿਆ। ਕੇ. ਨੂੰ ਇੱਦਾਂ ਲੱਗਿਆ ਜਿਵੇਂ ਉਹ ਸਾਵਧਾਨੀ ਨਾਲ ਤਿਆਰ ਕੀਤੇ ਗਏ ਵਾਰਤਾਲਾਪ ਨੂੰ ਸੁਣ ਰਿਹਾ ਹੋਵੇ, ਜਿਸਨੂੰ ਪਹਿਲਾਂ ਬਹੁਤ ਵਾਰ ਸੁਣ ਚੁੱਕਾ ਹੋਵੇ ਅਤੇ ਭਵਿੱਖ ਵਿੱਚ ਕਈ ਵਾਰ ਸੁਣੇਗਾ, ਅਤੇ ਬਲੌਕ ਦੇ ਬਾਰੇ ਵਿੱਚ ਇਸਦੀ ਸ਼ੁੱਧਤਾ ਕਦੇ ਨਹੀਂ ਘਟੇਗੀ। ਜਵਾਬ ਦੇਣ ਦੀ ਬਜਾਏ ਵਕੀਲ ਨੇ ਪੁੱਛਿਆ-

"ਇਸਨੇ ਅੱਜ ਕਿਹੋ ਜਿਹਾ ਵਿਹਾਰ ਕੀਤਾ ਹੈ?" ਆਪਣਾ ਪੱਖ ਰੱਖਣ ਤੋਂ ਪਹਿਲਾਂ ਲੇਨੀ ਨੇ ਬਲੌਕ ’ਤੇ ਇੱਕ ਨਜ਼ਰ ਸੁੱਟੀ ਅਤੇ ਜੋ ਕਿ ਆਪਣੇ ਹੱਥ ਜੋੜੀ ਉਸਨੂੰ ਹੀ ਵੇਖ ਰਿਹਾ ਸੀ। ਉਹ ਅਰਦਾਸ ਦੀ ਹਾਲਤ ਵਿੱਚ ਆਪਣੇ ਹੱਥਾਂ ਨੂੰ ਰਗੜ ਰਿਹਾ ਸੀ। ਅੰਤ ਉਸਨੇ ਗੰਭੀਰਤਾ ਨਾਲ ਸਿਰ ਹਿਲਾਇਆ, ਵਕੀਲ ਦੇ ਵੱਲ ਮੁੜੀ ਅਤੇ ਬੋਲੀ-

"ਇਹ ਕਾਫ਼ੀ ਖ਼ਾਮੋਸ਼ ਅਤੇ ਮਿਹਨਤੀ ਰਿਹਾ ਹੈ," ਇੱਕ ਲੰਮੀ ਦਾੜ੍ਹੀ ਵਾਲਾ ਬੁੱਢਾ ਵਪਾਰੀ ਇੱਕ ਜਵਾਨ ਕੁੜੀ ਦੀਆਂ ਮਿੰਨਤਾਂ ਕਰ ਰਿਹਾ ਸੀ ਤਾਂ ਕਿ ਉਹ ਉਸਦੇ ਪੱਖ ਵਿੱਚ ਦੋ ਸ਼ਬਦ ਬੋਲ ਦੇਵੇ। ਇਸ ਤਰ੍ਹਾਂ ਦਾ ਵਿਹਾਰ ਕਰਨ ਦੇ ਬਲੌਕ ਦੇ ਛਿਪੇ ਹੋਏ ਮੰਤਵ ਜੋ ਵੀ ਹੋਣ, ਪਰ ਆਪਣੇ ਨਾਲ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਮੁੜ ਆਪਣੀ ਜਗ੍ਹਾ ਨਹੀਂ ਬਣਾ ਸਕਦਾ ਸੀ। ਕੇ. ਇਹ ਸਮਝ ਸਕਣ ਤੋਂ ਅਸਮਰੱਥ ਸੀ ਕਿ ਇਸ ਪ੍ਰਦਰਸ਼ਨ ਦੇ ਮਾਧਿਅਮ ਨਾਲ ਵਕੀਲ ਉਸ ਉੱਤੇ ਕਿਵੇਂ ਜਿੱਤ ਹਾਸਲ ਕਰ ਸਕਦਾ ਹੈ। ਜੇਕਰ ਵਕੀਲ ਉਸਨੂੰ ਪਹਿਲਾਂ ਹੀ ਕਿਤੇ ਹੋਰ ਨਾ ਲੈ ਕੇ ਗਿਆ ਹੁੰਦਾ, ਤਾਂ ਇਸ ਤਰ੍ਹਾਂ ਦੇ ਛੋਟੇ ਜਿਹੇ ਦ੍ਰਿਸ਼ ਨਾਲ ਹੀ ਉਸਦਾ ਮੰਤਵ ਪੂਰਾ ਹੋ ਸਕਦਾ ਸੀ। ਚੰਗੀ ਕਿਸਮਤ ਕਿ ਕੇ. ਨੂੰ ਵਕੀਲ ਦੇ ਇਨ੍ਹਾਂ ਤਰੀਕਿਆਂ ਤੋਂ ਅਣਭਿੱਜ ਹੀ ਰਿਹਾ ਸੀ, ਪਰ ਇਨ੍ਹਾਂ ਦੇ ਆਖਰੀ ਨਤੀਜੇ ਹੁਣ ਸਾਫ਼ ਸਨ: ਮੁੱਦਈ ਅੰਤ ਵਿੱਚ ਬਾਹਰਲੀ ਦੁਨੀਆ ਨੂੰ ਭੁੱਲ ਜਾਂਦਾ ਸੀ ਅਤੇ ਆਪਣੇ ਕੇਸ ਦੇ ਅੰਤ ਵੱਲ ਜਾਂਦੇ ਹੋਏ ਇੰਦਰਜਾਲ ਵਰਗੇ ਰਸਤੇ 'ਤੇ ਰੇਂਗਦਾ ਰਹਿੰਦਾ ਸੀ। ਇਸ ਨਾਲ ਮੁੱਦਈ ਮੁੱਦਈ ਨਾ ਰਹਿ ਕੇ ਵਕੀਲ ਦਾ ਕੁੱਤਾ ਬਣ ਜਾਂਦਾ ਹੈ। ਜੇਕਰ ਵਕੀਲ ਉਸ ਆਦਮੀ ਨੂੰ ਆਪਣੇ ਬਿਸਤਰੇ ਦੇ ਹੇਠਾਂ ਰੇਂਗਣ ਅਤੇ ਭੌਂਕਣ ਦੇ ਲਈ ਵੀ ਕਹੇਗਾ ਤਾਂ ਉਹ ਬੰਦਾ ਅਜਿਹਾ ਕਰਨ ਵਿੱਚ ਵੀ ਖੁਸ਼ੀ ਮਹਿਸੂਸ ਕਰੇਗਾ। ਕੇ. ਇਸ ਸਾਰੇ ਘਟਨਾਕ੍ਰਮ ਨੂੰ ਇਸ ਤਰ੍ਹਾਂ ਸਾਵਧਾਨੀ ਅਤੇ ਧਿਆਨ ਨਾਲ ਵੇਖਦਾ ਅਤੇ ਸੁਣਦਾ ਰਿਹਾ ਸੀ ਜਿਵੇਂ ਉਸਨੂੰ ਉੱਚ ਅਧਿਕਾਰੀਆਂ ਦੁਆਰਾ ਇਹ ਕੰਮ ਦਿੱਤਾ ਗਿਆ ਹੋਵੇ, ਅਤੇ ਇਸਨੂੰ ਲਿਖਤੀ ਰੂਪ ਵਿਕਸਿਤ ਕਰਕੇ ਉਨ੍ਹਾਂ ਨੂੰ ਦੱਸਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੋਵੇ।

253॥ ਮੁਕੱਦਮਾ