ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/257

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਜਿਹਾ ਕਰਨ ਦੇ ਇਰਾਦੇ ਤੋਂ ਬਹੁਤ ਖੁਸ਼ ਹੋਇਆ। ਉਸਦਾ ਮਤਲਬ ਕੇ. ਤੋਂ ਸੀ, ਜਿਹੜਾ ਉਸ ਇਤਾਲਵੀ ਤੋਂ ਅਜੇ ਤੱਕ ਬਚਣ ਦੀ ਕੋਸ਼ਿਸ਼ ਵਿੱਚ ਸੀ ਅਤੇ ਮੈਨੇਜਰ ਜੋ ਕਹਿ ਰਿਹਾ ਸੀ ਉਸਨੂੰ ਛੇਤੀ ਨਾਲ ਸਮਝ ਰਿਹਾ ਸੀ। ਜੇ ਇਹ ਸੁਵਿਧਾਜਨਕ ਹੋਵੇ ਤਾਂ ਹੋਵੇ ਤਾਂ, ਉਸਨੇ ਕੇ. ਨੂੰ ਪੁੱਛਿਆ, ਤਾਂ ਕੀ ਉਹ ਕਰੀਬ 2 ਘੰਟਿਆਂ ਵਿੱਚ ਵੱਡੇ ਗਿਰਜਾਘਰ ਵਿੱਚ ਆ ਜਾਵੇਗਾ, ਮਤਲਬ ਲਗਭਗ 10 ਵਜੇ ਤੱਕ। ਜਵਾਬ ਵਿੱਚ ਕੇ. ਨੇ ਇੱਕ ਢੁੱਕਵਾਂ ਜਵਾਬ ਦਿੱਤਾ ਪਰ ਇਤਾਲਵੀ ਨੇ ਪਹਿਲਾਂ ਤਾਂ ਮੈਨੇਜਰ ਦਾ ਹੱਥ ਫੜ੍ਹ ਲਿਆ, ਫ਼ਿਰ ਕੇ. ਦਾ, ਅਤੇ ਇਸ ਪਿੱਛੋਂ ਫ਼ਿਰ ਮੈਨੇਜਰ ਦਾ ਅਤੇ ਫ਼ਿਰ ਦਰਵਾਜ਼ੇ ਦੇ ਕੋਲ ਚਲਾ ਗਿਆ। ਉਹ ਦੋਵੇਂ ਉਸਦੇ ਪਿੱਛੇ ਆ ਗਏ, ਅਤੇ ਉਹ ਉਨ੍ਹਾਂ ਵੱਲ ਅੱਧਾ ਹੀ ਮੁੜਿਆ ਹੋਇਆ ਸੀ ਅਤੇ ਲਗਾਤਾਰ ਬੋਲ ਰਿਹਾ ਸੀ। ਕੇ. ਥੋੜ੍ਹੀ ਦੇਰ ਤਾਂ ਮੈਨੇਜਰ ਦੇ ਕੋਲ ਰੁਕਿਆ ਰਿਹਾ, ਜਿਹੜਾ ਕਿ ਉਸ ਦਿਨ ਕਾਫ਼ੀ ਬਿਮਾਰ ਲੱਗ ਰਿਹਾ ਸੀ। ਲੱਗ ਰਿਹਾ ਸੀ ਕਿ ਕਿਸੇ ਤਰ੍ਹਾਂ ਉਹ ਕੇ. ਤੋਂ ਮਾਫ਼ੀ ਮੰਗਣਾ ਚਾਹੁੰਦਾ ਸੀ ਅਤੇ ਬੋਲਿਆ ਕਿ ਪਹਿਲਾਂ ਤਾਂ ਉਹ ਉਸਦੇ ਨਾਲ ਆਪ ਜਾਣਾ ਚਾਹੁੰਦਾ ਸੀ, ਪਰ ਪਿੱਛੋਂ ਉਸਨੇ ਫ਼ੈਸਲਾ ਕੀਤਾ ਕਿ ਕੇ. ਨੂੰ ਹੀ ਭੇਜਣਾ ਠੀਕ ਰਹੇਗਾ ਪਰ ਇਸਦਾ ਉਸਨੇ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ। ਉਸਨੇ ਯਾਦ ਕਰਾਇਆ ਕਿ ਜੇਕਰ ਸ਼ੁਰੂਆਤ ਵਿੱਚ ਕੇ. ਇਤਾਲਵੀ ਭਾਸ਼ਾ ਨਹੀਂ ਵੀ ਸਮਝ ਰਿਹਾ ਸੀ ਤਾਂ ਵੀ ਉਸਨੂੰ ਹਤਾਸ਼ ਹੋਣ ਦੀ ਲੋੜ ਨਹੀਂ ਹੈ, ਉਹ ਬਹੁਤ ਛੇਤੀ ਹੀ ਇਸਨੂੰ ਸਮਝ ਸਕੇਗਾ, ਅਤੇ ਜੇਕਰ ਉਹ ਫ਼ਿਰ ਵੀ ਉਸਨੂੰ ਨਾ ਸਮਝ ਸਕੇ ਤਾਂ ਇਸ ਨਾਲ ਵੀ ਕੋਈ ਬਹੁਤਾ ਫ਼ਰਕ ਨਹੀਂ ਪੈਣ ਲੱਗਾ। ਇਸਦੇ ਇਲਾਵਾ ਕੇ. ਦੀ ਇਤਾਲਵੀ ਬਹੁਤ ਹੀ ਚੰਗੀ ਸੀ ਅਤੇ ਉਸਨੂੰ ਯਕੀਨ ਸੀ ਕਿ ਉਹ ਇਹ ਕੰਮ ਬਿਲਕੁਲ ਠੀਕ ਢੰਗ ਨਾਲ ਕਰ ਸਕੇਗਾ। ਹੁਣ ਉਸਦੇ ਕੋਲ ਜਿੰਨਾ ਵੀ ਸਮਾਂ ਬਚਿਆ ਸੀ, ਉਹ ਉਸਨੇ ਸ਼ਬਦਕੋਸ਼ ਵਿੱਚੋਂ ਕੁੱਝ ਅਸਾਧਾਰਣ ਸ਼ਬਦ ਲੱਭ ਕੇ ਦਿਮਾਗ ਵਿੱਚ ਬਿਠਾਉਣ ਵਿੱਚ ਲਾ ਦਿੱਤਾ, ਜਿਨ੍ਹਾਂ ਦੀ ਵੱਡੇ ਗਿਰਜਾਘਰ ਵਿੱਚ ਉਸਨੂੰ ਲੋੜ ਪੈ ਸਕਦੀ ਸੀ।

ਇਹ ਬਹੁਤ ਥਕਾਉਣ ਵਾਲਾ ਕੰਮ ਸੀ, ਕਲਰਕ ਰਜਿਸਟਰ ਚੁੱਕੀ ਆਉਂਦੇ ਸਨ, ਕਰਮਚਾਰੀ ਕਈ ਤਰ੍ਹਾਂ ਦੇ ਸਵਾਲ ਲੈ ਕੇ ਆ ਰਹੇ ਸਨ। ਉਹ ਦਰਵਾਜ਼ੇ ਦੇ ਕੋਲ ਰੁਕ ਜਾਂਦੇ ਜਦੋਂ ਵੇਖਦੇ ਕਿ ਕੇ. ਰੁੱਝਿਆ ਹੋਇਆ ਹੈ ਪਰ ਉਹ ਕੇ. ਨੂੰ ਆਪਣੀ ਗੱਲ ਦੱਸੇ ਬਿਨ੍ਹਾਂ ਮੁੜਨ ਵਾਲੇ ਵੀ ਨਹੀਂ ਸਨ। ਅਤੇ ਡਿਪਟੀ ਮੈਨੇਜਰ ਨੇ ਕੇ. ਨੂੰ ਬੇਚੈਨ ਕਰ ਸਕਣ ਦਾ ਮੌਕਾ ਨਹੀਂ ਖੁੰਝਣ ਦਿੱਤਾ। ਉਹ ਕਈ ਵਾਰ ਇੱਧਰ ਆਇਆ ਸੀ, ਕੇ. ਦੇ ਹੱਥ 'ਚੋਂ ਸ਼ਬਦਕੋਸ਼ ਖੋਹਿਆ ਅਤੇ ਕਾਹਲ ਨਾਲ ਇਸਦੇ ਪੰਨਿਆਂ ਨੂੰ ਫਰੋਲਣ

263॥ ਮੁਕੱਦਮਾ