"ਫ਼ਿਰ ਤਾਂ ਮੈਨੂੰ ਤੇਰੀ ਹੀ ਭਾਲ ਸੀ," ਪਾਦਰੀ ਬੋਲਿਆ- "ਮੈਂ ਜੇਲ੍ਹ ਦਾ ਪਾਦਰੀ ਹਾਂ।"
"ਓਹ, ਕੀ ਸੱਚਮੁੱਚ?" ਕੇ. ਨੇ ਪੁੱਛਿਆ।
"ਮੈਂ ਤੈਨੂੰ ਇੱਧਰ ਆਉਣ ਦੇ ਲਈ ਸੁਨੇਹਾ ਭੇਜਿਆ ਸੀ," ਪਾਦਰੀ ਨੇ ਕਿਹਾ, "ਤਾਂਕਿ ਤੇਰੇ ਨਾਲ ਗੱਲਬਾਤ ਕੀਤੀ ਜਾ ਸਕੇ।"
"ਮੈਨੂੰ ਇਹ ਪਤਾ ਨਹੀਂ ਹੈ," ਕੇ. ਬੋਲਿਆ, "ਮੈਂ ਤਾਂ ਇੱਕ ਇਤਾਲਵੀ ਸੱਜਣ ਨੂੰ ਗਿਰਜਾ ਘਮਾਉਣ ਲਈ ਲਿਆਇਆ ਸੀ।"
"ਮੁੱਦੇ ਦੀ ਹੀ ਗੱਲ ਕਰ," ਪਾਦਰੀ ਨੇ ਕਿਹਾ, "ਤੇਰੇ ਹੱਥ ਵਿੱਚ ਇਹ ਕੀ ਹੈ? ਕੀ ਇਹ ਕੋਈ ਪ੍ਰਾਥਨਾ ਦੀ ਕਿਤਾਬ ਹੈ?"
"ਨਹੀਂ," ਕੇ. ਨੇ ਜਵਾਬ ਦਿੱਤਾ, "ਇਹ ਸ਼ਹਿਰ ਵਿੱਚ ਵੇਖੀਆਂ ਜਾ ਸਕਣ ਵਾਲੀਆਂ ਥਾਵਾਂ ਦੀ ਇੱਕ ਐਲਬਮ ਹੈ।"
"ਇਸਨੂੰ ਹੇਠਾਂ ਰੱਖ ਦੇ," ਪਾਦਰੀ ਨੇ ਕਿਹਾ। ਕੇ. ਨੇ ਉਸਨੂੰ ਏਨੇ ਜ਼ੋਰ ਨਾਲ ਸੁੱਟਿਆ ਕਿ ਉਹ ਖੁੱਲ੍ਹ ਗਈ ਅਤੇ ਫ਼ਰਸ਼ 'ਤੇ ਕੁੱਝ ਦੂਰ ਘਿਸੜਦੀ ਹੋਈ ਚਲੀ ਗਈ, ਜਿਸ ਨਾਲ ਉਸਦੇ ਕੁੱਝ ਪੰਨੇ ਉੱਡ ਗਏ।
"ਕੀ ਤੈਨੂੰ ਪਤਾ ਹੈ ਕਿ ਤੇਰਾ ਮੁਕੱਦਮਾ ਗ਼ਲਤ ਦਿਸ਼ਾ ਵਿੱਚ ਜਾ ਰਿਹਾ ਹੈ?" ਪਾਦਰੀ ਨੇ ਪੁੱਛਿਆ।
"ਮੈਨੂੰ ਵੀ ਅਜਿਹਾ ਹੀ ਲੱਗਦਾ ਹੈ," ਕੇ. ਨੇ ਕਿਹਾ, "ਮੈਂ ਜਿੰਨਾ ਕੁੱਝ ਵੀ ਕਰ ਸਕਦਾ ਸੀ ਕੀਤਾ, ਪਰ ਅਜੇ ਤੱਕ ਕੋਈ ਸਫ਼ਲਤਾ ਨਹੀ ਮਿਲੀ, ਹਾਲਾਂਕਿ ਮੇਰੀ ਪਟੀਸ਼ਨ ਅਜੇ ਤੱਕ ਤਿਆਰ ਨਹੀਂ ਹੈ।"
"ਕੀ ਤੂੰ ਸਮਝਦਾ ਏਂ ਕਿ ਉਸਦਾ ਕੀ ਹਸ਼ਰ ਹੋਣ ਵਾਲਾ ਹੈ?" ਪਾਦਰੀ ਬੋਲਿਆ।
"ਮੈਂ ਤਾਂ ਇਹੀ ਸੋਚਦਾ ਹਾਂ ਕਿ ਇਸਦਾ ਨਤੀਜਾ ਮੇਰੇ ਲਈ ਚੰਗਾ ਹੋਵੇਗਾ," ਕੇ. ਨੇ ਕਿਹਾ, "ਪਰ ਹੁਣ ਤਾਂ ਮੈਨੂੰ ਆਪਣੇ ਉੱਪਰ ਹੀ ਸ਼ੱਕ ਹੋਣ ਲੱਗਾ ਹੈ। ਮੈਨੂੰ ਨਹੀਂ ਪਤਾ ਇਸਦਾ ਕੀ ਹਸ਼ਰ ਹੋਵੇਗਾ। ਕੀ ਤੁਹਾਨੂੰ ਪਤਾ ਹੈ।"
"ਨਹੀਂ," ਪਾਦਰੀ ਨੇ ਜਵਾਬ ਦਿੱਤਾ, "ਪਰ ਮੈਨੂੰ ਡਰ ਹੈ ਕਿ ਇਸਦਾ ਹਸ਼ਰ ਬੁਰਾ ਹੋਵੇਗਾ। ਤੈਨੂੰ ਅਪਰਾਧੀ ਮੰਨਿਆ ਜਾ ਰਿਹਾ ਹੈ। ਲੱਗਦਾ ਨਹੀਂ ਹੈ ਕਿ ਤੇਰੀ ਮੁਕੱਦਮਾ ਹੇਠਲੀ ਅਦਾਲਤ ਤੋਂ ਉੱਪਰ ਜਾਵੇਗਾ। ਕੁੱਝ ਦੇਰ ਦੇ ਲਈ ਹੀ, ਤੇਰੇ ਅਪਰਾਧ ਪ੍ਰਮਾਣਿਤ ਮੰਨਿਆ ਗਿਆ ਹੈ।"
273॥ ਮੁਕੱਦਮਾ