ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/28

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਬਿਲਕੁਲ ਗ਼ਲਤ ਸਮਝਿਆ ਹੈ। ਮੇਰਾ ਇਹ ਮਤਲਬ ਨਹੀਂ ਸੀ। ਮੈਂ ਤੁਹਾਨੂੰ ਸੁਚੇਤ ਕਰ ਦਿੰਦਾ ਹਾਂ ਕਿ ਇਸਦੇ ਬਾਰੇ 'ਚ ਉਸ ਨਾਲ ਕੋਈ ਗੱਲ ਨਾ ਕਰੋ। ਤੁਹਾਨੂੰ ਸਰਾਸਰ ਗ਼ਲਤਫ਼ਹਿਮੀ ਹੋਈ ਹੈ। ਮੈਂ ਉਸ ਕੁੜੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਤੁਸੀਂ ਜਿਹੜਾ ਕੁੱਝ ਹੁਣੇ ਉਹਦੇ ਬਾਰੇ 'ਚ ਕਿਹਾ, ਉਸ ਵਿੱਚ ਕੋਈ ਸੱਚਾਈ ਨਹੀਂ ਹੈ। ਪਰ ਸ਼ਾਇਦ ਮੈਂ ਵੀ ਕੁੱਝ ਜ਼ਿਆਦਾ ਹੀ ਕਹਿ ਦਿੱਤਾ। ਤੁਸੀਂ ਉਸਦੇ ਬਾਰੇ 'ਚ ਜੋ ਵੀ ਕਹਿਣਾ ਚਾਹੋਂ, ਕਹੋ। ਮੈਂ ਤੁਹਾਨੂੰ ਰੋਕਾਂਗਾ ਨਹੀਂ। ਅਲਵਿਦਾ।"

"ਪਰ ਸ਼੍ਰੀਮਾਨ ਕੇ..," ਫ਼ਰਾਅ ਗਰੁਬਾਖ਼ ਨੇ ਖੋਜੀ ਜਿਹੇ ਲਹਿਜੇ ਵਿੱਚ ਕਿਹਾ ਅਤੇ ਭੱਜ ਕੇ ਉਸਦੇ ਬੂਹੇ ਤੱਕ ਆ ਪੁੱਜੀ, ਜਿਸਨੂੰ ਉਹ ਹੁਣ ਤੱਕ ਖੋਲ੍ਹ ਚੁੱਕਾ ਸੀ, "ਮੈਂ ਤਾਂ ਅਜੇ ਤੱਕ ਉਸਦੇ ਬਾਰੇ 'ਚ ਕੁੱਝ ਵੀ ਨਹੀਂ ਕਿਹਾ ਅਤੇ ਹੁਣ ਮੈਂ ਉਹਦੇ ਉੱਤੇ ਨਜ਼ਰ ਰੱਖਣ ਵਾਲੀ ਸੀ। ਮੈਂ ਜੋ ਵੀ ਜਾਣਦੀ ਹਾਂ, ਤੁਹਾਡੇ ਬਿਨ੍ਹਾਂ ਮੈਂ ਕਿਸੇ ਹੋਰ ਨੂੰ ਨਹੀਂ ਦੱਸਿਆ। ਪਰ ਫ਼ਿਰ ਵੀ ਇਹ ਕਿਰਾਏਦਾਰਾਂ ਦੇ ਆਪਣੇ ਹਿੱਤ ਵਿੱਚ ਹੀ ਹੋਏਗਾ ਕਿ ਉਹ ਇਸ ਜਗ੍ਹਾ ਨੂੰ ਸਾਫ਼-ਸੁਥਰਾ ਰੱਖਣ ਦੀ ਕੋਸ਼ਿਸ਼ ਕਰਨ, ਅਤੇ ਬਸ, ਇਹੀ ਕੁੱਝ ਮੈਂ ਕਹਿਣਾ ਚਾਹੁੰਦੀ ਸੀ।"

"ਸਾਫ਼!" ਬੂਹੇ ਦੀ ਵਿਰਲ 'ਚੋਂ ਕੇ. ਚੀਕਿਆ- "ਜੇ ਤੁਸੀਂ ਇਹ ਜਗ੍ਹਾ ਸਾਫ਼ ਸੁਥਰੀ ਰੱਖਣੀ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਮੈਨੂੰ ਨੋਟਿਸ ਦੇਣਾ ਪਵੇਗਾ।" ਫ਼ਿਰ ਹੌਲੀ ਜਿਹੀ ਖੜਕਾਉਣ ਦੇ ਬਾਵਜੂਦ, ਉਸਨੇ "ਧੜੱਮ" ਕਰਕੇ ਬੂਹਾ ਬੰਦ ਕਰ ਦਿੱਤਾ।

ਇਸਦੇ ਪਿੱਛੋਂ ਉਸਨੇ ਫ਼ੈਸਲਾ ਲਿਆ ਕਿ ਕਿਉਂਕਿ ਨੀਂਦ ਆਉਣ ਦਾ ਤਾਂ ਸਵਾਲ ਹੀ ਨਹੀਂ ਹੈ, ਇਸ ਲਈ ਉਹ ਜਾਗਦਾ ਰਹਿ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰੇਗਾ ਕਿ ਫ਼ਰਾਉਲਨ ਬਸਨਰ ਘਰ ਕਦੋਂ ਮੁੜਦੀ ਹੈ। ਉਦੋਂ ਸ਼ਾਇਦ ਇਹ ਮੁਮਕਿਨ ਹੋਏਗਾ ਕਿ (ਹਾਲਾਂਕਿ ਇਹ ਇਸਦਾ ਢੁੱਕਵਾਂ ਸਮਾਂ ਨਹੀਂ ਹੈ) ਕਿ ਉਸਦੇ ਨਾਲ ਕੁੱਝ ਗੱਲਬਾਤ ਕੀਤੀ ਜਾਵੇ। ਜਦੋਂ ਉਹ ਆਪਣੀਆਂ ਉਨੀਂਦੀਆਂ ਅੱਖਾਂ ਬੰਦ ਕੀਤੇ ਖਿੜਕੀ ਦੇ ਕੋਲ ਖੜਾ ਹੋਇਆ ਤਾਂ ਉਹ ਸੋਚ ਰਿਹਾ ਸੀ ਕਿ ਉਹ ਫ਼ਰਾਉਲਨ ਬਸਨਰ ਨੂੰ ਵੀ ਆਪਣੇ ਨਾਲ ਰਲਾ ਕੇ ਫ਼ਰਾਅ ਗਰੁਬਾਖ਼ ਨੂੰ ਨੋਟਿਸ ਦੇਣ ਲਈ ਕਹੇਗਾ। ਪਰ ਛੇਤੀ ਹੀ ਉਸਨੂੰ ਲੱਗਿਆ ਕਿ ਇਹ ਤਾਂ ਚੀਜ਼ਾਂ ਨੂੰ ਭਿਆਨਕ ਢੰਗ ਨਾਲ ਆਪਣੇ ਉੱਪਰ ਲੱਦ ਲੈਣ ਜਿਹਾ ਕੁੱਝ ਹੋਵੇਗਾ ਅਤੇ ਸਵੇਰ ਦੀਆਂ ਘਟਨਾਵਾਂ ਨੂੰ ਲੈ ਕੇ ਇਸ ਜਗ੍ਹਾ ਨੂੰ ਬਦਲ ਦੇਣ ਦੇ ਬਾਰੇ ਵੀ ਸੋਚਣ ਲੱਗਾ ਸੀ। ਇਸ ਤੋਂ ਵਧੇਰੇ ਪਰੇਸ਼ਾਨ ਕਰਨ ਸਕਣ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ। ਖ਼ਾਸ ਕਰਕੇ ਅਜਿਹੀ

34