ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/45

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਦਮ ਯਾਦ ਆ ਗਿਆ, ਕਿਉਂਕਿ ਇਹ ਫ਼ਰਾਅ ਗੁਰਬਾਖ਼ ਦੇ ਭਤੀਜੇ ਕੈਪਟਨ ਦਾ ਨਾਂ ਸੀ। ਉਸਨੇ ਹਰ ਫ਼ਲੈਟ 'ਜਾ ਕੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਲਾਂਜ਼ ਨਾਂ ਦਾ ਕੋਈ ਮਿਸਤਰੀ ਇੱਧਰ ਰਹਿੰਦਾ ਹੈ। ਇਹ ਕਮਰਿਆਂ ਵਿੱਚ ਝਾਕਣ ਦਾ ਇੱਕ ਤਰੀਕਾ ਸੀ। ਫ਼ਿਰ ਉਸਨੂੰ ਇਹ ਅਹਿਸਾਸ ਹੋਇਆ ਕਿ ਇਹ ਕੰਮ ਤਾਂ ਉਂਝ ਵੀ ਸੌਖਾ ਹੈ, ਕਿਉਂਕਿ ਜ਼ਿਆਦਾਤਰ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ ਅਤੇ ਬੱਚੇ ਉਹਨਾਂ ਵਿੱਚ ਅੰਦਰ ਬਾਹਰ ਆ ਜਾ ਰਹੇ ਸਨ। ਉਹ ਸਭ ਕਮਰੇ ਇੱਕ ਬਾਰੀ ਵਾਲੇ ਜਾਂ ਛੋਟੇ ਸਨ, ਜਿਹਨਾਂ ਵਿੱਚ ਖਾਣਾ ਬਣਾਉਣ ਜਿੰਨੀ ਜਗਾ ਵੀ ਬਾਕੀ ਨਹੀਂ ਸੀ। ਪਰ ਹਰ ਇੱਕ ਔਰਤ ਇੱਕ ਬਾਂਹ ਵਿੱਚ ਬੱਚਾ ਸੰਭਾਲੀ ਅਤੇ ਦੂਜੇ ਖ਼ਾਲੀ ਹੱਥ ਨਾਲ ਸਟੋਵ ਦੇ ਕੋਲ ਕੰਮ 'ਚ ਰੁੱਝੀ ਨਜ਼ਰ ਆਉਂਦੀ ਸੀ। ਅੱਧ-ਜਵਾਨ ਕੁੜੀਆਂ ਸਿਰਫ਼ ਐਪਰਨ ਪਾਈ ਇੱਧਰ-ਉੱਧਰ ਭੱਜ ਰਹੀਆਂ ਸਨ। ਸਾਰੇ ਖੁੱਲ੍ਹੇ ਕਮਰਿਆਂ 'ਚ ਪਏ ਬਿਸਤਰੇ ਵਰਤੋਂ ਵਿੱਚ ਲੱਗ ਰਹੇ ਸਨ। ਉਹਨਾਂ ਵਿੱਚ ਜਾਂ ਤਾਂ ਲੋਕ ਗੂੜ੍ਹੀ ਨੀਂਦੇ ਸੁੱਤੇ ਹੋਏ ਸਨ ਜਾਂ ਫ਼ਿਰ ਉਹਨਾਂ 'ਤੇ ਬਿਮਾਰ ਆਦਮੀਆਂ ਨੇ ਕਬਜ਼ਾ ਕੀਤਾ ਹੋਇਆ ਸੀ। ਬੰਦ ਬੂਹਿਆਂ ਵਾਲੇ ਫ਼ਲੈਟਾਂ 'ਤੇ ਖਟਖਟ ਕਰਕੇ ਕੇ. ਪੁੱਛ ਰਿਹਾ ਸੀ ਕਿ, ਕੀ ਲਾਂਜ਼ ਨਾਂ ਦਾ ਕੋਈ ਮਿਸਤਰੀ ਇੱਧਰ ਰਹਿੰਦਾ ਹੈ। ਅਕਸਰ ਬੂਹਾ ਕਿਸੇ ਔਰਤ ਵਲੋਂ ਖੋਲ੍ਹਿਆ ਜਾਂਦਾ, ਜਿਹੜੀ ਉਸਦਾ ਸੁਆਲ ਧਿਆਨ ਨਾਲ ਸੁਣਦੀ, ਫ਼ਿਰ ਮੁੜਕੇ ਕਮਰੇ ਵਿੱਚ ਕਿਸੇ ਦੂਜੇ ਆਦਮੀ ਨੂੰ ਪੁੱਛਦੀ, ਜਿਹੜਾ ਹੁਣੇ-ਹੁਣੇ ਬਿਸਤਰੇ ਵਿੱਚ ਉੱਠ ਕੇ ਬਹਿ ਗਿਆ ਹੁੰਦਾ।
"ਇਹ ਸੱਜਣ ਪੁੱਛ ਰਿਹਾ ਹੈ ਕਿ ਇੱਧਰ ਕੋਈ ਲਾਂਜ਼ ਨਾਂ ਮਿਸਤਰੀ ਰਹਿੰਦਾ ਹੈ।
"ਲਾਂਜ਼ ਮਿਸਤਰੀ? ਬਿਸਤਰੇ ਵਿੱਚ ਉੱਠ ਬੈਠੇ ਆਦਮੀ ਨੇ ਪੁੱਛਿਆ।
"ਹਾਂ।" ਕੇ. ਦਾ ਜਵਾਬ ਸੀ, ਹਾਲਾਂਕਿ ਇਹ ਸਪੱਸ਼ਟ ਸੀ, ਕਿ ਜਾਂਚ ਕਮੀਸ਼ਨ ਉਸ ਕਮਰੇ ਵਿੱਚ ਤਾਂ ਤੈਨਾਤ ਨਹੀਂ ਸੀ, ਅਤੇ ਉਸਦੀ ਇਹ ਪੁੱਛਗਿੱਛ ਬੇਮਤਲਬ ਸੀ।

ਉਹਨਾਂ ਵਿੱਚੋਂ ਬਹੁਤਿਆਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਕੇ. ਦੇ ਲਈ ਲਾਂਜ਼ ਦਾ ਪਤਾ ਲਾਉਣਾ ਬਹੁਤ ਜ਼ਰੂਰੀ ਹੈ। ਉਹ ਇਸ ਉੱਤੇ ਲੰਮੇ ਸਮੇਂ ਤੱਕ ਵਿਚਾਰ ਕਰਦੇ, ਉਦੋਂ ਉਹਨਾਂ ਨੂੰ ਕਿਸੇ ਮਿਸਤਰੀ ਦੀ ਯਾਦ ਆ ਜਾਂਦੀ। ਪਰ ਅੰਤ 'ਚ ਉਹ ਲਾਂਜ਼ ਤਾਂ ਹੁੰਦਾ ਨਹੀਂ ਸੀ, ਜਾਂ ਜ਼ਿਆਦਾ ਤੋਂ ਜ਼ਿਆਦਾ ਉਹਦਾ ਨਾਂ ਥੋੜ੍ਹਾ ਬਹੁਤ ਲਾਂਜ਼ ਨਾਲ ਮਿਲਦਾ ਜੁਲਦਾ ਹੁੰਦਾ। ਉਹ ਆਪਣੇ ਗੁਆਂਢੀਆਂ ਨਾਲ ਇਸ ਬਾਰੇ ਪੁੱਛਗਿੱਛ

51॥ ਮੁਕੱਦਮਾ