ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੋਲਿਆ- "ਇਹ ਜਨਾਬ ਤੁਹਾਡੇ ਤੋਂ ਸਿਰਫ਼ ਇਹ ਪੁੱਛ ਰਹੇ ਹਨ ਕਿ ਤੁਸੀਂ ਇੱਥੇ ਕੀ ਕਰ ਰਹੇ ਹੋਂ। ਆਰਾਮ ਨਾਲ ਜਵਾਬ ਦਿਓ।" ਅਰਦਲੀ ਦੀ ਇਸ ਆਵਾਜ਼ ਦਾ ਜਿਸ ਤੋਂ ਉਹ ਸ਼ਾਇਦ ਵਧੇਰੇ ਵਾਕਫ਼ ਸੀ, ਉਸ 'ਤੇ ਜ਼ਿਆਦਾ ਪ੍ਰਭਾਵ ਪਿਆ।

"ਮੈਂ ਉਡੀਕ ਕਰ ਰਿਹਾ ਹਾਂ," ਉਸਨੇ ਬੋਲਣਾ ਸ਼ੁਰੂ ਕੀਤਾ ਤੇ ਰੁਕ ਗਿਆ। ਸ਼ਾਇਦ ਉਸਨੇ ਇਸ ਤਰੀਕੇ ਨਾਲ ਸ਼ੁਰੂ ਕਰਨ ਦੀ ਇਸਲਈ ਸੋਚੀ ਤਾਂਕਿ ਉਹ ਆਪਣੇ ਤੋਂ ਪੁੱਛੇ ਗਏ ਸਵਾਲ ਦਾ ਸਹੀ ਜਵਾਬ ਦੇ ਸਕਣ ਦੀ ਆਪਣੀ ਅੰਦਰਲੀ ਇੱਛਾ ਜ਼ਾਹਰ ਕਰ ਸਕੇ। ਪਰ ਫ਼ਿਰ ਉਹ ਤੈਅ ਨਹੀਂ ਕਰ ਸਕਿਆ ਕਿ ਇਸ ਤੋਂ ਅੱਗੇ ਕਿਵੇਂ ਆਪਣੀ ਗੱਲਬਾਤ ਜਾਰੀ ਰੱਖੇ। ਉਡੀਕ ਕਰ ਰਹੇ ਲੋਕਾਂ 'ਚੋਂ ਕੁੱਝ ਕੁ ਕੋਲ ਆ ਗਏ ਅਤੇ ਉਹਨਾਂ ਤਿੰਨਾਂ ਨੂੰ ਘੇਰ ਕੇ ਖੜੇ ਹੋ ਗਏ, ਅਰਦਲੀ ਨੇ ਉਹਨਾਂ ਨੂੰ ਕਿਹਾ, "ਪਿੱਛੇ ਹਟ ਜਾਓ, ਅਤੇ ਗੈਲਰੀ ਨੂੰ ਵਿਹਲਾ ਕਰੋ।" ਉਹ ਪਿੱਛੇ ਤਾਂ ਹਟ ਗਏ ਪਰ ਇਸ ਗੱਲਬਾਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਿੰਨਾ ਨਹੀਂ। ਇਸ ਵਕਫ਼ੇ 'ਚ ਉਹ ਆਦਮੀ ਜਿਸ ਤੋਂ ਸਵਾਲ ਪੁੱਛਿਆ ਗਿਆ ਸੀ, ਨੇ ਆਪਣੇ ਵਿਚਾਰ ਇਕੱਠੇ ਕੀਤੇ ਅਤੇ (ਇੱਥੋਂ ਤੱਕ ਕਿ ਉਹ ਹੁਣ ਥੋੜ੍ਹਾ ਮੁਸਕੁਰਾ ਵੀ ਰਿਹਾ ਸੀ) ਜਵਾਬ ਦਿੱਤਾ, "ਇੱਕ ਮਹੀਨਾ ਪਹਿਲਾਂ ਮੈਂ ਆਪਣੇ ਕੇਸ ਦੇ ਸਬੂਤ ਇੱਥੇ ਪੇਸ਼ ਕੀਤੇ ਸਨ ਅਤੇ ਹੁਣ ਮੈਂ ਉਹਨਾਂ ਦੇ ਨਤੀਜੇ ਦੀ ਉਡੀਕ ਕਰ ਰਿਹਾ ਹਾਂ।"

"ਤੂੰ ਕਾਫ਼ੀ ਜ਼ਹਿਮਤ ਚੁੱਕ ਰਿਹਾ ਏਂ।" ਕੇ. ਬੋਲਿਆ।

"ਹਾਂ, ਉਸ ਆਦਮੀ ਨੇ ਜਵਾਬ ਦਿੱਤਾ, "ਆਖ਼ਰ ਇਹ ਮੇਰਾ ਹੀ ਤਾਂ ਕੇਸ ਹੈ।"

"ਹਰ ਆਦਮੀ ਤੇਰੀ ਤਰ੍ਹਾਂ ਹੀ ਨਹੀਂ ਸੋਚਦਾ," ਕੇ. ਨੇ ਕਿਹਾ, "ਜਿਵੇਂ ਕਿ ਮੈਂ ਵੀ ਮੁੱਦਈ ਹਾਂ, ਪਰ ਯਕੀਨਨ ਜਦੋਂ ਤੱਕ ਮੈਂ ਜ਼ਿੰਦਾ ਹਾਂ, ਮੈਂ ਸੌਂਹ ਖਾ ਕੇ ਕਹਿੰਦਾ ਹਾਂ ਕਿ ਮੈਂ ਅਜੇ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤੇ ਹਨ, ਅਤੇ ਨਾ ਹੀ ਅਜਿਹਾ ਕੋਈ ਦੂਜਾ ਕੰਮ ਕੀਤਾ ਹੈ। ਕੀ ਤੂੰ ਸਮਝਦਾ ਏਂ ਕਿ ਅਜਿਹਾ ਕਰਨਾ ਜ਼ਰੂਰੀ ਹੈ?"

"ਮੈਨੂੰ ਸਚਮੁੱਚ ਪਤਾ ਨਹੀਂ ਹੈ," ਉਸ ਆਦਮੀ ਨੇ ਇੱਕ ਵਾਰ ਫੇਰ ਪੂਰੀ ਤਰ੍ਹਾਂ ਘਬਰਾਈ ਹੋਈ ਅਵਾਜ਼ 'ਚ ਬੋਲਿਆ। ਸਾਫ਼ ਤੌਰ 'ਤੇ ਉਹ ਸੋਚ ਰਿਹਾ ਸੀ ਕਿ ਕੇ. ਉਸ ਨਾਲ ਮਜ਼ਾਕ ਕਰ ਰਿਹਾ ਹੈ, ਦੂਜੀ ਗ਼ਲਤੀ ਕਰ ਦੇਣ ਦੇ ਡਰ ਤੋਂ, ਉਸਨੇ ਫ਼ਿਰ ਉਹੀ ਗੱਲ ਦੁਹਰਾਉਣੀ ਠੀਕ ਸਮਝੀ, ਪਰ ਕੇ. ਦੀ ਬੇਸਬਰ ਜਿਹੀ ਨਜ਼ਰ ਵੇਖ ਕੇ ਉਹ ਇੰਨਾ ਹੀ ਕਹਿ ਸਕਿਆ, "ਮੈਂ ਆਪਣੇ ਵੱਲੋਂ ਸਬੂਤ ਪੇਸ਼ ਕਰ ਦਿੱਤੇ

ਹਨ।"

87॥ ਮੁਕੱਦਮਾ