ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੇ. ਨੇ ਉਸ ਆਦਮੀ ਦੇ ਬਾਰੇ ਵਿੱਚ ਜ਼ਿਆਦਾ ਨਹੀਂ ਸੋਚਿਆ ਅਤੇ ਨਾ ਹੀ ਗੈਲਰੀ ਵਿੱਚ ਮੌਜੂਦ ਲੋਕਾਂ ਦੇ ਬਾਰੇ ਵਿੱਚ, ਉਸਨੇ ਵੇਖਿਆ ਕਿ ਬਿਨ੍ਹਾਂ ਬੂਹੇ ਦੇ ਇੱਕ ਖੁੱਲ੍ਹਾਪਣ ਜਿਹਾ ਹੈ ਜਿੱਥੋਂ ਉਹ ਅੰਦਰ ਦਾਖਲ ਹੋ ਸਕਦਾ ਹੈ। ਉਸਨੇ ਅਰਦਲੀ ਤੋਂ ਪੁੱਛਿਆ ਕਿ ਕੀ ਅੰਦਰ ਜਾਣ ਦਾ ਇਹ ਸਹੀ ਰਸਤਾ ਹੈ ਅਤੇ ਅਰਦਲੀ ਨੇ ਸਿਰ ਹਿਲਾ ਦਿੱਤਾ। ਇਸ ਲਈ ਕੇ. ਮੁੜ ਗਿਆ। ਉਸਨੂੰ ਅੰਦਰੋ-ਅੰਦਰੀ ਆਪਣੇ ਉੱਪਰ ਗੁੱਸਾ ਆ ਰਿਹਾ ਸੀ ਕਿ ਉਸਨੂੰ ਅਰਦਲੀ ਤੋਂ ਇੱਕ-ਦੋ ਕਦਮ ਅੱਗੇ ਚੱਲਣਾ ਪੈ ਰਿਹਾ ਹੈ, ਕਿਉਂਕਿ ਇਸ ਤੋਂ ਇਸ ਜਗ੍ਹਾ 'ਤੇ ਇਹ ਪ੍ਰਭਾਵ ਪੈਂਦਾ ਸੀ ਕਿ ਉਸਨੂੰ ਗਿਰਫ਼ਤਾਰ ਕਰਕੇ ਲਿਜਾਇਆ ਜਾ ਰਿਹਾ ਹੈ। ਇਸ ਲਈ ਉਸਨੇ ਅਰਦਲੀ ਦਾ ਵਾਰ-ਵਾਰ ਰੁਕ ਕੇ ਇੰਤਜ਼ਾਰ ਨਾ ਕਰਨ ਦਾ ਮਨ ਬਣਾਇਆ, ਪਰ ਉਹ ਫੇਰ ਉਸਦੇ ਪਿੱਛੇ ਆ ਜਾਂਦਾ ਸੀ। ਉਸਨੇ ਇਸ ਮਨ ਦੀ ਹਾਲਤ 'ਤੇ ਕਾਬੂ ਕਰਨ ਦੇ ਇਰਾਦੇ ਨਾਲ ਉਸਨੂੰ ਕਿਹਾ, "ਠੀਕ ਹੈ, ਹੁਣ ਕਿਉਂਕਿ ਇੱਥੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਇਹ ਜਾਣ ਲੈਣ ਪਿੱਛੋਂ ਮੈਨੂੰ ਇੱਥੋਂ ਚੱਲਣਾ ਚਾਹੀਦਾ ਹੈ।"

"ਪਰ ਅਜੇ ਤਾਂ ਤੂੰ ਇੱਥੇ ਕੁੱਝ ਵੇਖਿਆ ਵੀ ਨਹੀਂ ਹੈ।" ਇੱਕ ਦਮ ਇਮਾਨਦਾਰੀ ਦੇ ਭਾਵ ਨਾਲ ਅਰਦਲੀ ਨੇ ਕਿਹਾ।

"ਮੈਂ ਹਰੇਕ ਚੀਜ਼ ਵੇਖਣ ਦਾ ਇੱਛੁਕ ਨਹੀਂ ਹਾਂ," ਕੇ. ਜਿਹੜਾ ਹੁਣ ਵਾਕਈ ਥੱਕ ਗਿਆ ਸੀ, ਬੋਲਿਆ, "ਮੈਂ ਵਾਪਸ ਜਾ ਰਿਹਾ ਹਾਂ। ਕੋਈ ਬਾਹਰ ਦਾ ਰਸਤਾ ਕਿਵੇਂ ਲੱਭ ਸਕਦਾ ਹੈ?"

"ਸ਼ਾਇਦ ਤੂੰ ਇੱਥੇ ਗੁਆਚ ਤਾਂ ਨਹੀਂ ਗਿਆ ਏਂ?" ਅਰਦਲੀ ਨੇ ਹੈਰਾਨੀ ਨਾਲ ਪੁੱਛਿਆ। "ਸਿੱਧਾ ਉੱਪਰ ਕਿਨਾਰੇ ਤੱਕ ਚਲਾ ਜਾ ਅਤੇ ਸੱਜੇ ਮੁੜ ਜਾਵੀਂ, ਫੇਰ ਗੈਲਰੀ 'ਚ ਸਿੱਧਾ ਤੁਰ ਕੇ ਤੂੰ ਬੂਹੇ ਤੱਕ ਪਹੁੰਚ ਜਾਵੇਗਾ।

"ਮੇਰੇ ਨਾਲ ਆ," ਕੇ. ਨੇ ਕਿਹਾ, "ਅਤੇ ਮੈਨੂੰ ਰਸਤਾ ਵਿਖਾ। ਮੈਂ ਭੁੱਲ ਜਾਵਾਂਗਾ, ਇਸ ਵਿੱਚ ਕਿੰਨੇ ਹੀ ਮੋੜ ਹਨ।"

"ਇਹੀ ਤਾਂ ਇੱਕ ਰਸਤਾ ਹੈ, ਜਿੱਥੋਂ ਤੂੰ ਜਾ ਸਕਦਾ ਏਂ," ਅਰਦਲੀ ਨੇ ਥੋੜ੍ਹੇ ਜਿਹੇ ਗੁੱਸੇ ਦੇ ਭਾਵ ਨਾਲ ਕਿਹਾ, "ਹੁਣ ਮੈਂ ਦੋਬਾਰਾ ਵਾਪਸ ਨਹੀਂ ਜਾ ਸਕਦਾ, ਮੈਂ ਆਪਣਾ ਸੁਨੇਹਾ ਦੇਣਾ ਹੈ ਅਤੇ ਤੇਰੇ ਕਾਰਨ ਮੈਂ ਕਾਫ਼ੀ ਵਕਤ ਬਰਬਾਦ ਕਰ ਚੁੱਕਾ ਹਾਂ।"

"ਮੇਰੇ ਨਾਲ ਆ।" ਕੇ. ਨੇ ਦੁਹਰਾਇਆ, ਹੁਣ ਵਧੇਰੇ ਤੀਬਰਤਾ ਨਾਲ, ਜਿਵੇਂ ਹੁਣ ਉਸਨੇ ਅਰਦਲੀ ਨੂੰ ਝੂਠ ਬੋਲਦੇ ਹੋਏ ਫੜ ਲਿਆ ਹੋਵੇ।

89॥ ਮੁਕੱਦਮਾ